ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਆਰੰਭ ਹੋਵੇਗਾ। ਇਸ ਸੈਸ਼ਨ ਦੌਰਾਨ ਹਾਕਮ ਤੇ ਵਿਰੋਧੀ ਧਿਰਾਂ ਦਰਮਿਆਨ ਝੜਪਾਂ ਹੋਣ ਦੇ ਆਸਾਰ ਹਨ। ਇਸ ਸੈਸ਼ਨ ਦੌਰਾਨ ਕਾਂਗਰਸ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ’ਤੇ ਅਧਾਰਿਤ ਜਾਂਚ ਕਮਿਸ਼ਨ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।
ਹਾਲਂਕਿ ਵਿਧਾਨ ਸਭਾ ਚ ਪੇਸ਼ ਹੋਣ ਤੋਂ ਪਹਿਲਾਂ ਹੀ ਇਸ ਰਿਪੋਰਟ ਦੇ ਮੀਡੀਆ ਚ ਲੀਕ ਹੋਣ ਤੇ ਇਸ ਦੇ ਇਕ ਅਹਿਮ ਗਵਾਹ ਹਿੰਮਤ ਸਿੰਘ ਦੇ ਬਿਆਨ ਬਦਲਣ ਤੋਂ ਬਾਅਦ ਇਹ ਰਿਪੋਰਟ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦਾ ਮੌਜੂਦਾ ਸੈਸ਼ਨ ਤਿੰਨ ਦਿਨ ਤੱਕ ਚੱਲੇਗਾ। ਪਹਿਲੇ ਦਿਨ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਬਹੁ ਚਰਚਿਤ ਬੇਅਦਬੀ ਮਾਮਲਿਆਂ ਦੀਆਂ ਪੜਤਾਲੀਆ ਰਿਪੋਰਟਾਂ ਪੇਸ਼ ਕੀਤੀਆਂ ਜਾਣੀਆਂ ਹਨ। ਪੰਜਾਬ ਸਰਕਾਰ ਵੱਲੋਂ ਕੁੱਝ ਨਵੇਂ ਬਿੱਲ ਵੀ ਇਸ ਸੈਸ਼ਨ ਦੌਰਾਨ ਲਿਆਂਦੇ ਜਾਣਗੇ।
ਓਧਰ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਹਾਲਤ ਡਾਵਾਂਡੋਲ ਹੋਈ ਲੱਗ ਰਹੀ ਹੈ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆਪਸੀ ਤਰੇੜ ਤੋਂ ਬਾਅਦ ਪਹਿਲੀ ਵਾਰੀ ਸਦਨ ਵਿੱਚ ਆਉਣਗੇ। ਵਿਰੋਧੀ ਧਿਰ ਦਾ ਨੇਤਾ ਖਹਿਰਾ ਦੀ ਜਗ੍ਹਾ ਹਰਪਾਲ ਸਿੰਘ ਚੀਮਾ ਨੂੰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਚੀਫ਼ ਵਿੱਪ੍ਹ ਵੀ ਬਦਲ ਦਿੱਤਾ ਗਿਆ ਹੈ ਤੇ ਨਵੀਂ ਜ਼ਿੰਮੇਵਾਰੀ ਕੁਲਤਾਰ ਸਿੰਘ ਸੰਧਵਾਂ ਨੂੰ ਦਿੱਤੀ ਗਈ ਹੈ। ਇੱਥੋਂ ਤੱਕ ਕਿ ਪਾਰਟੀ ਵੱਲੋਂ ਖਹਿਰਾ ਅਤੇ ਉਨ੍ਹਾਂ ਦੇ ਕਈ ਸਾਥੀਆਂ ਖਾਸ ਕਰ ਕੰਵਰ ਸੰਧੂ ਨੂੰ ਪਿਛਲੀਆਂ ਸੀਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਹ ਦੋਵੇਂ ਨੇਤਾ ਮੂਹਰਲੀ ਕਤਾਰ ਵਿੱਚ ਬੈਠਦੇ ਸਨ।