ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਗਿਆਨੀ ਗੁਰਮੁਖ ਸਿੰਘ ਦੀ ਮੁੜ ਨਿਯੁਕਤੀ 'ਤੇ ਸਵਾਲ ਚੁੱਕੇ ਸਨ। ਰੰਧਾਵਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਪੱਸ਼ਟ ਕਰਨ ਕਿ ਕਿਹੜੀ ਮਜਬੂਰੀ ਕਾਰਨ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਤੋਂ ਲਾਂਭੇ ਕੀਤੇ ਗੁਰਮੁਖ ਸਿੰਘ ਨੂੰ ਮੁੜ ਤੋਂ ਅਹੁਦੇ 'ਤੇ ਲਾਇਆ ਗਿਆ ਹੈ। ਰੰਧਾਵਾ ਨੇ ਜਥੇਦਾਰ ਨੂੰ ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੀ ਬਿਆਨਬਾਜ਼ੀ ਦੀਆਂ ਵੀਡੀਓਜ਼ ਵੀ ਨਾਲ ਭੇਜੀਆਂ ਹਨ। ਮੰਤਰੀ ਨੇ ਜਥੇਦਾਰ ਤੋਂ ਪੁੱਛਿਆ ਹੈ ਕਿ ਉਕਤ ਵੀਡੀਓਜ਼ ਵਿੱਚ ਜੋ ਗੁਰਮੁਖ ਸਿੰਘ ਕਹਿ ਰਹੇ ਹਨ ਉਹ ਸਹੀ ਹੈ ਜਾਂ ਉਨ੍ਹਾਂ ਦੀ ਬਿਆਨਬਾਜ਼ੀ ਦੇ ਬਾਵਜੂਦ ਮੁੜ ਤੋਂ ਨਿਯੁਕਤੀ ਸੱਚੀ ਹੈ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾਂ ਸਾਂਗ ਧਾਰਨ ਦੇ ਮਾਮਲੇ ਵਿੱਚ ਖ਼ੁਦ ਮੁਆਫ਼ੀ ਦੇਣ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਤੇ ਹੋਰਨਾਂ ਸਿੱਖ ਆਗੂਆਂ ਦਰਮਿਆਨ ਲਕੀਰ ਖਿੱਚੀ ਗਈ ਸੀ। ਉਨ੍ਹਾਂ ਕਾਫੀ ਗੱਲਾਂ ਉਨ੍ਹਾਂ ਦੇ ਵਿਰੁੱਧ ਵੀ ਕਹੀਆਂ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਯੁਕਤ ਕਰ ਦਿੱਤਾ ਗਿਆ ਸੀ। ਪਰ ਹੁਣ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮੁੜ ਤੋਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਥਾਪ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਹਿੰਮਤ ਸਿੰਘ ਵੱਲੋਂ ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ਦੀ ਜਾਂਚ ਲਈ ਬਣੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੇ ਮੁਖੀ 'ਤੇ ਆਪਣੇ ਬਿਆਨਾਂ ਨੂੰ ਗ਼ਲਤ ਰੂਪ ਦੇਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਮਾਮਲੇ 'ਤੇ ਸਿਆਸਤ ਗਰਮ ਹੈ।