ਚੰਡੀਗੜ੍ਹ: ਝੋਨੇ ਦਾ ਸੀਜ਼ਨ ਮੁੱਕਣ ਮਗਰੋਂ ਹੁਣ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ ਹੈ। ਲੰਘੇ ਦਿਨ ਸਭ ਤੋਂ ਵੱਧ 665 ਸ਼ਰਧਾਲੂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਪਾਕਿਸਤਾਨ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ। ਪਾਕਿਸਤਾਨ ਨੇ ਰੋਜ਼ਾਨਾ 5000 ਸਿੱਖ ਸ਼ਰਧਾਲੂਆਂ ਨੂੰ ਆਉਣ ਦੀ ਖੁੱਲ੍ਹ ਦਿੱਤੀ ਹੈ ਪਰ ਹੁਣ ਤੱਕ ਕਦੇ ਰੋਜ਼ਾਨਾ 400-500 ਸ਼ਰਧਾਲੂ ਹੀ ਕਰਤਾਰਪੁਰ ਲਾਂਘੇ ਰਾਹੀਂ ਜਾ ਰਹੇ ਹਨ।


ਉਮੀਦ ਹੈ ਕਿ ਅੱਜ ਪਹਿਲੀ ਵਾਰ ਦੋ ਹਜ਼ਾਰ ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਝੋਨੇ ਦਾ ਸੀਜ਼ਨ ਖਤਮ ਹੋਣ ਤੇ ਕਣਕ ਦੀ ਬਿਜਾਈ ਦਾ ਕੰਮ ਨਿੱਬੜਨ ਕਰਕੇ ਅਗਲੇ ਦਿਨਾਂ ਅੰਦਰ ਸ਼ਰਧਾਲੂਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਹੋ ਰਹੀ ਹੈ। ਇਸ ਵਿੱਚ ਪਾਸਪੋਰਟ ਤੇ 20 ਡਾਲਰ ਫੀਸ ਦੀ ਸ਼ਰਤ ਨਰਮ ਕੀਤੀ ਜਾ ਸਕਦੀ ਹੈ। ਇਸ ਨਾਲ ਉਹ ਲੋਕ ਵੀ ਕਰਤਾਰਪੁਰ ਲਾਂਘੇ ਰਾਹੀਂ ਜਾ ਸਕਣਗੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਜਾਂ ਫਿਰ ਫੀਸ ਨਹੀਂ ਦੇ ਸਕਦੇ।

ਯਾਦ ਰਹੇ ਕਰਤਾਰਪੁਰ ਲਾਂਘੇ ਦੀ ਸਿੱਖ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਪਰ ਲਾਂਘਾ ਖੁੱਲ੍ਹਣ ਮਗਰੋਂ ਬਹੁਤ ਘੱਟ ਹੁੰਗਾਰਾ ਮਿਲਿਆ। ਪਿਛਲੇ ਦਿਨਾਂ ਦੌਰਾਨ ਤਾਂ ਕੁਝ ਦਿਨ ਸਿਰਫ 125 ਤੋਂ 200 ਤੱਕ ਹੀ ਸ਼ਰਧਾਲੂ ਦਰਸ਼ਨਾਂ ਲਈ ਗਏ ਸਨ। ਇਸ ਨੂੰ ਲੈ ਕੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਲੀਡਰ ਤੇ ਸ਼ਰਧਾਲੂ ਵੀ ਹੈਰਾਨ ਸਨ। ਇਸੇ ਦੌਰਾਨ ਕੁਝ ਸ਼ਰਧਾਲੂਆਂ ਨੇ ਇਮੀਗ੍ਰੇਸ਼ਨ ’ਤੇ ਸ਼ਿਕਵਾ ਵੀ ਕੀਤਾ ਸੀ ਕਿ ਪਰਿਵਾਰ ਦੇ ਪੰਜ ਜੀਆਂ ਦੇ ਪਾਸਪੋਰਟ ਹੋਣ ਦੇ ਬਾਵਜੂਦ ਸਿਰਫ਼ ਇੱਕ ਜੀਅ ਨੂੰ ਹੀ ਦਰਸ਼ਨਾਂ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਬਾਅਦ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਸਨ।

ਸੂਤਰਾਂ ਮੁਤਾਬਕ ਭਾਰਤੀ ਗ੍ਰਹਿ ਮੰਤਰਾਲਾ 22 ਨਵੰਬਰ ਤੱਕ ਗਿਣਤੀ ਦੇ ਸ਼ਰਧਾਲੂਆਂ ਨੂੰ ਹੀ ਦਰਸ਼ਨਾਂ ਲਈ ਪ੍ਰਵਾਨਗੀ ਦੇ ਰਿਹਾ ਸੀ। ਗ੍ਰਹਿ ਮੰਤਰਾਲਾ ਹੁਣ ਤੱਕ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਭੇਜਣ ਦੀ ਪ੍ਰਵਾਨਗੀ ਸੋਚ ਸਮਝ ਕੇ ਦਿੰਦਾ ਰਿਹਾ ਹੈ ਤਾਂ ਜੋ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ’ਤੇ ਕਿਧਰੇ ਵੀ ਕੋਈ ਗਲਤ ਜਾਂ ਅਣਸੁਖਾਂਵੀ ਘਟਨਾ ਨਾ ਵਾਪਰ ਜਾਵੇ। ਸੰਗਤਾਂ ਦੇ ਰੋਸ ਕਰਕੇ ਹੁਣ ਸ਼ਰਤਾਂ ਨਰਮ ਹੋ ਸਕਦੀਆਂ ਹਨ।