ਚੰਡੀਗੜ੍ਹ : ਚੰਡੀਗੜ੍ਹ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਮੁੱਖ ਸੈਨੇਟਰੀ ਇੰਸਪੈਕਟਰਾਂ ਅਤੇ ਸਟਾਫ਼ ਨੂੰ ਸ਼ਹਿਰ ਵਿੱਚ ਲਗਾਤਾਰ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿੱਥੇ ਕਿਤੇ ਵੀ ਪਾਬੰਦੀਸ਼ੁਦਾ ਪਲਾਸਟਿਕ ਦੇ ਥੈਲੇ ਜਾਂ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਮਿਲਦੀਆਂ ਹਨ ਤਾਂ ਕਾਰਵਾਈ ਕੀਤੀ ਜਾਵੇ। ਸ਼ਨੀਵਾਰ ਨੂੰ ਨਿਗਮ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਅਤੇ 82 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਥੈਲੇ ਜ਼ਬਤ ਕੀਤੇ।


 

ਇਸ ਦੌਰਾਨ 76 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਇਹ ਚੈਕਿੰਗ ਸੈਕਟਰ-2, 8, 9, 11, 19, 22, 26, 34, 42, 43, 45, ਮਲੋਆ, ਕਜਹੇੜੀ ਅਤੇ ਮਨੀਮਾਜਰਾ ਵਿੱਚ ਕੀਤੀ ਗਈ। ਪਿਛਲੇ 6 ਮਹੀਨਿਆਂ ਵਿੱਚ ਹੀ ਪਲਾਸਟਿਕ ਦੀਆਂ ਵਸਤੂਆਂ ਦੇ ਕੁੱਲ 800 ਚਲਾਨ ਕੀਤੇ ਗਏ ਹਨ।


ਸੈਕਟਰ-26


ਸਬਜ਼ੀ ਮੰਡੀ ਹੋਵੇ ਜਾਂ ਸ਼ਹਿਰ ਦੀਆਂ ਮੰਡੀਆਂ, ਦੁਕਾਨਦਾਰ ਲੋਕਾਂ ਨੂੰ ਸਮਾਨ ਥੈਲਿਆਂ ਵਿੱਚ ਪਾ ਕੇ ਦੇ ਰਹੇ ਹਨ। ਨਾ ਤਾਂ ਪੋਲੀਥੀਨ ਬੈਗਾਂ ਦੀ ਵੰਡ ਰੁਕੀ ਹੈ ਅਤੇ ਨਾ ਹੀ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਸਪਲਾਈ ਰੁਕੀ ਹੈ। ਅਜਿਹੇ ਕੈਰੀ ਬੈਗ ਹਰ ਗਲੀ, ਹਰ ਤਰ੍ਹਾਂ ਦੀਆਂ ਦੁਕਾਨਾਂ 'ਤੇ ਸਪਲਾਈ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿੱਚ ਉਨ੍ਹਾਂ ਦੀ ਕੋਈ ਇੰਡਸਟਰੀ ਨਹੀਂ ਹੈ ਪਰ ਇਹ ਸਾਮਾਨ ਦੂਜੇ ਰਾਜਾਂ ਤੋਂ ਇੱਥੇ ਸਪਲਾਈ ਕੀਤਾ ਜਾਂਦਾ ਹੈ, ਜਿਸ ਦੀ ਜਾਂਚ ਜ਼ਰੂਰੀ ਹੈ।

 


ਜ਼ਿਕਰਯੋਗ ਹੈ ਕਿ ਇਸ ਰੋਕ ਦਾ ਅਸਰ ਕੈਰੀ ਬੈਗ ਤੇ ਪਵੇਗਾ ਹਾਲਾਂਕਿ ਪੈਕਿੰਗ ਮਟੀਰੀਅਲ ਵਾਸਤੇ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫ਼ਾਫ਼ੇ ਹਾਲੇ ਵੀ ਜਾਰੀ ਹਨ। ਥੋਕ ਵਿਕਰੇਤਾਵਾਂ, ਸਟਾਕ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਸਟਾਕ ਕਲੀਅਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਣ 1 ਜੁਲਾਈ ਤੋਂ ਹੋਟਲਾਂ, ਰੈਸਟੋਰੈਂਟਾਂ ਸਮੇਤ ਫੂਡ ਸਟਾਲਾਂ 'ਤੇ ਪਲਾਸਟਿਕ ਦੇ ਡਿਸਪੋਸੇਬਲ 'ਚ ਖਾਣਾ ਨਹੀਂ ਪਰੋਸਿਆ ਜਾਵੇਗਾ।


ਦੱਸ ਦੇਈਏ ਕਿ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਉਣ ਲਈ ਕਾਰਵਾਈ ਕੀਤੀ ਜਾਵੇ। ਈਅਰ ਬੱਜ, ਪਲਾਸਟਿਕ ਸਟਿਕ ਫਾਰ ਬੈਲੂਨ, ਪਲਾਸਟਿਕ ਫਲੈਗ, ਕੈਂਡੀ ਸਟਿਕਸ, ਆਈਸ ਕ੍ਰੀਮ ਸਟਿਕਸ, ਪਲਾਸਟਿਕ ਪਲੇਟ, ਕੱਪ, ਗਲਾਸ, ਪਲਾਸਟਿਕ ਫੋਰਕ, ਸਪੂਨ, ਨਾਈਫ, ਸਟਰਾਅ, ਟ੍ਰੇਅ, ਰੈਪਿੰਗ/ਪੈਕਿੰਗ ਫਿਲਮ ਆਫ ਸਵੀਟ ਬਾਕਸ, ਇੰਵੀਟੇਨ ਕਾਰਡ, ਸਿਗਰੇਟ ਪੈਕੇਟ, ਪਲਾਸਟਿਕ/ਪੀਵੀਸੀ ਬੈਨਰ 100 ਮਾਈਕਰੋਨ ਤੋ ਘੱਟ ਤੇ ਪਲਾਸਟਿਕ ਕੈਰੀ ਬੈਗਜ ਆਦਿ ਮੁਕੰਮਲ ਤੌਰ 'ਤੇ ਬੰਦ ਹੋਣਗੇ।