ਬਰਨਾਲਾ: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬੀ ਰੰਗ ਮੰਚ ਦੇ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਤੇ ਅਜਮੇਰ ਔਲਖ ਦੀ ਯਾਦ 'ਚ ਦਾਣਾ ਮੰਡੀ 'ਚ ਮਨਾਏ ਇਨਕਲਾਬੀ ਰੰਗ ਮੰਚ ਦਿਹਾੜੇ 'ਤੇ ਰਾਤ ਭਰ ਨਾਟਕ ਮੇਲਾ ਕਰਵਾਇਆ ਗਿਆ।
ਗੁਰਸ਼ਰਨ ਭਾਅ ਜੀ ਦੇ ਹੱਥੀਂ ਕੋਈ ਤਿੰਨ ਦਹਾਕੇ ਪਹਿਲਾਂ ਲਾਏ ਬੂਟੇ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਸਾਹਿਤਕ/ਸੱਭਿਆਚਾਰਕ ਸੰਸਥਾਵਾਂ ਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਾਏ ਨਾਟਕ ਮੇਲੇ 'ਚ ਚੋਟੀ ਦੇ ਬੁੱਧੀਜੀਵੀ, ਰੰਗ ਕਰਮੀ, ਲੇਖਕ, ਸਾਹਿਤਕਾਰ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ ਤੇ ਵਿਸ਼ੇਸ਼ ਕਰਕੇ ਔਰਤਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ।
ਇਸ ਮੌਕੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਗ਼ਦਰੀ ਦੇਸ਼ ਭਗਤਾਂ, ਸ਼ਹੀਦ ਭਗਤ ਸਿੰਘ ਤੇ ਗੁਰਸ਼ਰਨ ਸਿੰਘ ਦੀਆਂ ਪਾਈਆਂ ਪੈੜਾਂ 'ਤੇ ਅੱਗੇ ਵਧਦਿਆਂ ਉਨ੍ਹਾਂ ਦੇ ਸੁਪਨਿਆਂ ਦੀ ਆਜ਼ਾਦੀ ਤੇ ਬਰਾਬਰੀ ਵਾਲੇ ਨਵੇਂ ਸਮਾਜ ਦੀ ਸਿਰਜਣਾ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਅਹਿਦ ਪੜ੍ਹਿਆ ਤੇ ਖਚਾ-ਖਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਪਿੱਛੇ-ਪਿੱਛੇ ਬੁਲੰਦ ਆਵਾਜ਼ 'ਚ ਬੋਲਿਆ।
ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਕਰਵਾਏ ਇਸ ਨਾਟਕ ਮੇਲੇ ਵਿੱਚ ਪੰਜਾਬ ਦੇ ਨਾਮਵਰ ਰੰਗ ਕਰਮੀਆ ਤੇ ਨਾਟਕਕਾਰਾਂ ਨੇ ਵੱਖੋ-ਵੱਖ ਅੰਦਾਜ਼ ਵਿੱਚ ਨਾਟਕ ਪੇਸ਼ ਕੀਤੇ। ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ। ਇਸ ਮੌਕੇ ਗੁਰਸ਼ਰਨ ਭਾਜੀ ਦਾ ਲਿਖਿਆ ਨਾਕਟ 'ਸਿਉਂਕ' ਤੋਂ ਇਲਾਵਾ 'ਅਸੀਂ ਅੰਨ ਦਾਤਾ ਹੁੰਨੇ ਆ', 'ਤੈਂ ਕੀ ਦਰਦ ਨਾ ਆਇਆ', 'ਗੁਜਰਾਤ ਕਾ ਮੰਚਨ' ਤੇ 'ਔਰਤ' ਨਾਟਕਾਂ ਦਾ ਸਫਲ ਮੰਚਨ ਕੀਤਾ ਗਿਆ। ਇਸ ਵਿੱਚ ਕਿਸਾਨਾਂ ਨੌਜਵਾਨਾਂ ਤੇ ਕਿਰਤੀ ਕਾਮਿਆਂ ਦੇ ਮੌਜੂਦਾ ਹਾਲਾਤ ਬਿਆਨ ਕੀਤੇ ਗਏ।