ਚੰਡੀਗੜ੍ਹ: ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਹਿਮਤ ਹੈ। ਪਾਕਿਸਤਾਨ ਦੌਰੇ ਤੋਂ ਪਰਤ ਕੇ ਉਨ੍ਹਾਂ ਦੱਸਿਆ ਕਿ ਦੌਰੇ ਦੌਰਾਨ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਤੇ ਘੱਟ ਗਿਣਤੀਆਂ ਦੇ ਮੰਤਰੀ ਪੀਰ ਨੂਰ-ਉਲ-ਹੱਕ-ਕਾਦਰੀ ਦੇ ਨਾਲ ਇਸਲਾਮਾਬਾਦ ਚ ਹੋਈ ਮੀਟਿੰਗ 'ਚ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦਿੱਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਮੁੱਦੇ 'ਤੇ ਸਿਰਫ ਭਾਰਤ ਸਰਕਾਰ ਦੇ ਹਾਂ ਪੱਖੀ ਹੁੰਗਾਰੇ ਦੀ ਉਡੀਕ ਹੈ। ਸਰਨਾ ਭਰਾਵਾਂ ਨੇ ਦੱਸਿਆ ਕਿ ਜਿਸ ਥਾਂ ਤੋਂ ਕਰਤਾਰਪੁਰ ਸਾਹਿਬ ਨੂੰ ਲਾਂਘਾ ਦੇਣ ਦੀ ਯੋਜਨਾ ਹੈ ਉਸ ਖੇਤਰ ਦਾ ਪਾਕਿਸਤਾਨ ਸਰਕਾਰ ਨੇ ਸਰਵੇਖਣ ਵੀ ਕਰਵਾ ਲਿਆ ਹੈ।
ਪਾਕਿਸਤਾਨੀ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਸਰਹੱਦ ਤੋਂ ਸਿੱਖ ਸ਼ਰਧਾਲੂਆਂ ਨੂੰ ਲਿਆਉਣ ਤੇ ਛੱਡਣ ਲਈ ਬਕਾਇਦਾ ਏਸੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਧਵਾਰ ਇਸਲਾਮਾਬਾਦ 'ਚ ਹੋਈ ਮੀਟਿੰਗ 'ਚ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਤੇ ਘੱਟ ਗਿਣਤੀਆਂ ਦੇ ਮੰਤਰੀ ਪੀਰ ਨੂਰ-ਉਲ-ਹਕ-ਕਾਦਰੀ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉੱਪ ਪ੍ਰਧਾਨ ਬਿਸ਼ਨ ਸਿੰਘ, ਹਰਕ੍ਰਿਸ਼ਨ ਸਿੰਘ ਤੋਂ ਇਲਾਵਾ ਓਕਾਫ ਬੋਰਡ ਦੇ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੇ ਵੇਰਵੇ ਦਿੰਦਿਆਂ ਸਰਨਾ ਭਰਾਵਾਂ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ 1965 ਦੀ ਜੰਗ 'ਚ ਤਬਾਹ ਹੋਏ ਰਾਵੀ ਪੁਲ ਨੂੰ ਮੁੜ ਤੋਂ ਉਸਾਰਨ ਲਈ ਵੀ ਸਹਿਮਤ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਆਨ ਅਰਾਇਵਲ ਵੀਜ਼ਾ ਦੇਣ ਦੇ ਸੁਝਾਅ 'ਤੇ ਵੀ ਪਾਕਿਸਤਾਨ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਰਨਾ ਭਰਾਵਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਆਨਲਾਈਨ ਪਟੀਸ਼ਨ 'ਤੇ ਦਸਤਖਤ ਕਰਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸ 'ਤੇ ਇਕ ਲੱਖ ਦਸਤਖ਼ਤ ਕਰਾਉਣ ਮਗਰੋਂ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੌਂਪੀ ਜਾਵੇਗੀ।