ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਵਿਖੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੀ ਸਹਾਇਤਾ ਪ੍ਰਾਪਤ ਤੇ 660 ਕਰੋੜ ਰੁਪਏ ਨਾਲ ਬਣਾਏ ਟਾਟਾ ਮੈਮੋਰੀਅਲ ਸੈਂਟਰ (ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ) ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਮੌਜੂਦ ਸਨ।


ਦੱਸ ਦਈਏ ਕਿ 30 ਦਸੰਬਰ 2013 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਨੀਂਹ ਪੱਥਰ ਰੱਖਿਆ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਕਰੀਬ 9 ਸਾਲਾਂ ਵਿੱਚ ਬਣ ਕੇ ਤਿਆਰ ਹੋਇਆ ਹਸਪਤਾਲ ਤਕਰੀਬਨ 51 ਏਕੜ ਜ਼ਮੀਨ ਵਿੱਚ ਬਣਾਇਆ ਗਿਆ ਹੈ। ਪੰਜਾਬ ਵਿੱਚ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੰਡੀਗੜ੍ਹ ਨੇੜੇ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਬਣਾਉਣ ਦਾ ਫੈਸਲਾ ਲਿਆ ਸੀ।







ਦੱਸ ਦਈਏ ਕਿ ਇਸ ਹਸਪਤਾਲ ਦੇ ਬਣਨ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਜਿੱਥੇ ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ, ਉੱਥੇ ਟਰਾਈਸਿਟੀ ਸਮੇਤ ਪੰਜਾਬ ਤੇ ਗੁਆਂਢੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਕੈਂਸਰ ਕੇਅਰ ਤੇ ਇਲਾਜ ਦੀ ਸੁਵਿਧਾ ਮਿਲੇਗੀ। ਹਸਪਤਾਲ ਵਿੱਚ 300 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। 


ਹਾਸਲ ਜਾਣਕਾਰੀ ਮੁਤਾਬਕ ਹਸਪਤਾਲ ਕੈਂਸਰ ਦੇ ਹਰ ਤਰ੍ਹਾਂ ਦੇ ਇਲਾਜ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇੱਥੇ ਸਰਜਰੀ, ਰੇਡੀਓ-ਥੈਰੇਪੀ ਤੇ ਮੈਡੀਕਲ ਔਨਕੋਲੋਜੀ- ਕੀਮੋਥੈਰੇਪੀ, ਇਮਿਊਨੋਥੈਰੇਪੀ ਤੇ ਬੋਨ ਮੈਰੋ ਟਰਾਂਸਪਲਾਂਟ ਦੀ ਸੁਵਿਧਾ ਉਪਲਬੱਧ ਹੋਵੇਗੀ। ਸੰਗਰੂਰ ਵਿਚ 100 ਬਿਸਤਰਿਆਂ ਵਾਲਾ ਹਸਪਤਾਲ ਇਸ ਦੀ ‘ਸ਼ਾਖਾ’ ਦੇ ਰੂਪ ਵਿਚ ਕਾਰਜ ਕਰੇਗਾ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਸੜਕੀ ਰਸਤੇ ਮੁਹਾਲੀ ਨਹੀਂ ਆਏ। ਉਹ ਹੈਲੀਕਾਪਟਰ ਰਾਹੀਂ ਹੀ ਮੁੱਲਾਂਪੁਰ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਪਹੁੰਚੇ। ਪਿਛਲੇ ਸਾਲ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਮੋਦੀ ਸੜਕੀ ਰਸਤੇ ਰਾਹੀਂ ਆਏ ਸੀ ਜਿਨ੍ਹਾਂ ਦਾ ਕਾਫਲਾ ਕਿਸਾਨਾਂ ਨੇ ਰੋਕ ਲਿਆ ਸੀ। ਇਸ ਲਈ ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਾ ਚਹੁੰਦੀਆਂ ਸੀ।


ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਾਲੀ ਫੇਰੀ ਕਰਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਮੋਹਾਲੀ ਦੇ ਮੁੱਲਾਂਪੁਰ ਦੇ 2 ਕਿਲੋਮੀਟਰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਪਿਛਲੀ ਵਾਰ ਸੁਰੱਖਿਆ ਦੀ ਢਿੱਲ ਕਾਰਨ ਇਸ ਵਾਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਕਰੀਬ 7,000 ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ।