ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਵਿੱਚ ਨਹੀਂ ਪਹੁੰਚ ਸਕੇ। ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ ਬਾਰਸ਼ ਕਰਕੇ ਰੱਦ ਹੋਇਆ ਹੈ ਪਰ ਸੂਤਰਾਂ ਮੁਤਾਬਕ ਕਿਸਾਨਾਂ ਵੱਲੋਂ ਬੀਜੇਪੀ ਵਰਕਰਾਂ ਨੂੰ ਰੈਲੀ ਵਿੱਚ ਜਾਣ ਤੋਂ ਰੋਕਣ ਦੀਆਂ ਰਿਪੋਰਟਾਂ ਮਗਰੋਂ ਇਹ ਫੈਸਲਾ ਲਿਆ ਗਿਆ। ਬਾਰਸ਼ ਤੇ ਕਿਸਾਨਾਂ ਦੇ ਵਿਰੋਧ ਕਰਕੇ ਰੈਲੀ ਵਿੱਚ ਉਮੀਦ ਨਾਲੋਂ ਕਿਤੇ ਘੱਟ ਇਕੱਠ ਹੋਇਆ ਹੈ।



ਹਾਸਲ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਮੌਕੇ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਵੱਖ-ਵੱਖ ਥਾਵਾਂ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੇ ਰੋਸ ਜਤਾਇਆ ਗਿਆ। ਕਿਸਾਨਾਂ ਨੇ ਰੈਲੀ ਵਿੱਚ ਜਾ ਰਹੇ ਵਾਹਨਾਂ ਨੂੰ ਵੀ ਰੋਕਿਆ। ਕਈ ਥਾਈਂ ਟਕਰਾਅ ਵਾਲੇ ਹਾਲਾਤ ਵੀ ਬਣੇ।

ਭਾਰਤੀ ਕਿਸਾਨ ਯੂਨੀਆਨ (ਏਕਤਾ-ਉਗਰਾਹਾਂ) ਵੱਲੋਂ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜਪੁਰ ਫੇਰੀ ਮੌਕੇ ਪੁਤਲਾ ਸਾੜਨ ਦਾ ਪ੍ਰੋਗਰਾਮ ਦਿੱਤਾ ਗਿਆ, ਜਿਸ ਤਹਿਤ ਯੂਨੀਅਨ ਵੱਲੋਂ ਜਗਾ-ਜਗਾ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਅੱਜ ਬਾਰਸ਼ ਦੇ ਬਾਵਜੂਦ ਕਿਸਾਨਾਂ ਦਾ ਪ੍ਰੋਗਰਾਮ ਜ਼ਰੂਰ ਕੁਝ ਲੇਟ ਹੋਇਆ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੰਮ੍ਰਿਤਸਰ ਦੇ ਡੀਸੀ ਦਫਤਰ ਮੂਹਰੇ ਪਿਛਲੀ 20 ਦਸੰਬਰ ਤੋਂ ਪ੍ਰਦਰਸ਼ਨ ਜਾਰੀ ਹਨ, ਜੋ ਅੱਜ ਸਮਾਪਤ ਕਰ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀਮੋਦੀ ਬਾਬਤ ਕਿਸਾਨਾਂ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨ ਭਾਵੇਂ ਕੇਂਦਰ ਸਰਕਾਰ ਨੇ ਵਾਪਸ ਲੈ ਲਏ ਪਰ ਇਸ ਅੰਦੋਲਨ ਦੌਰਾਨ ਵੀ ਕਈ ਮੰਗਾਂ ਨਿਕਲੀਆਂ, ਜਿਨ੍ਹਾਂ 'ਚ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਬਾਬਤ ਮੰਗਾਂ, ਐਮਐਸਪੀ ਸਬੰਧੀ, ਲਖੀਮਪੁਰ ਖੀਰੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਆਦਿ ਜ਼ਿਕਰਯੋਗ ਮੰਗਾਂ ਹਨ, ਜਿਸ ਬਾਰੇ ਪੀਐਮ ਨੇ ਕੋਈ ਵਾਜਬ ਕਦਮ ਨਹੀਂ ਚੁੱਕਿਆ। ਕਿਸਾਨ ਇਸੇ ਕਰਕੇ ਪੀਐਮ ਨਰਿੰਦਰ ਮੋਦੀ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਇਸ ਤੋਂ ਇਲਾਵਾ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਵੀ ਭੜਾਸ ਕੱਢੀ ਤੇ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਬਾਰੇ ਕਿਹਾ ਕਿ ਸਰਕਾਰ ਨੇ ਢੰਗ ਟਪਾਊ ਨੀਤੀ ਤਹਿਤ ਸਾਨੂੰ ਕਈ ਵਾਰ ਸਮਾਂ ਦਿੱਤਾ ਹੈ। ਹੁਣ ਸੱਤ ਜਨਵਰੀ ਨੂੰ ਮੀਟਿੰਗ ਮੁੱਖ ਮੰਤਰੀ ਨਾਲ ਹੋਵੇਗੀ ਤੇ ਜੇਕਰ ਇਸ ਮੀਟਿੰਗ ਵਿੱਚ ਕੋਈ ਹੱਲ ਨਾ ਹੋਇਆ ਤਾਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਹੋਰ ਤੇਜ ਹੋਵੇਗਾ।



ਇਹ ਵੀ ਪੜ੍ਹੋ : ਫਿਰੋਜ਼ਪੁਰ ਰੈਲੀ 'ਚ ਨਹੀਂ ਪਹੁੰਚੇ ਪੀਐਮ ਮੋਦੀ, ਹੁਸੈਨੀਵਾਲ ਤੋਂ ਹੀ ਦਿੱਲੀ ਪਰਤੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490