ਫਿਰੋਜ਼ਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਬੁੱਧਵਾਰ ਨੂੰ ਫਿਰੋਜ਼ਪੁਰ ਰੈਲੀ ਵਿੱਚ ਨਹੀਂ ਪੁਹੰਚ ਸਕਿਆ। ਪ੍ਰਦਰਸ਼ਨਕਾਰੀਆਂ ਵੱਲੋਂ ਰਾਹ ਰੋਕੇ ਜਾਣ ਕਰਕੇ ਪੀਐਮ ਦਾ ਕਾਫਲਾ ਫਲਾਈਓਵਰ 'ਤੇ ਫਸ ਗਿਆ, ਜਿਸ ਤੋਂ ਬਾਅਦ ਉਹ ਇੱਕ ਰੈਲੀ ਸਮੇਤ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਬਗੈਰ ਪੰਜਾਬ ਤੋਂ ਦਿੱਲੀ ਪਰਤ ਗਏ। ਬੀਜੇਪੀ ਇਸ ਨੂੰ "ਸੁਰੱਖਿਆ ਵਿੱਚ ਕੁਤਾਹੀ" ਦੱਸ ਰਹੀ ਹੈ।
ਹੁਣ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਉਲੰਘਣਾ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੀ। ਇਸ ਦੇ ਨਾਲ ਹੀ ਬੀਕੇਯੂ ਦੇ ਸੁਰਜੀਤ ਸਿੰਘ ਫੂਲ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਦੇ ਰੂਟ ਦੀ ਜਾਣਕਾਰੀ ਪੰਜਾਬ ਪੁਲਿਸ ਨੇ ਲੀਕ ਕੀਤੀ ਸੀ।
ਬੀਜੇਪੀ ਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਦੀ ਜੰਗ ਛਿੜੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਫੇਰੀ ਰੱਦ ਹੋਣ ਮਗਰੋਂ ਬੀਜੇਪੀ ਤੇ ਕਾਂਗਰਸ ਵਿਚਾਲੇ ਬਿਆਨਬਾਜ਼ੀ ਦੀ ਜੰਗ ਛਿੜ ਗਈ ਹੈ। ਜਿੱਥੇ ਬੀਜੇਪੀ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਹਵਾਲਾ ਦੇ ਕਿ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ, ਉੱਥੇ ਹੀ ਕਾਂਗਰਸ ਦਾਅਵਾ ਕੀਤਾ ਹੈ ਕਿ ਰੈਲੀ ਵਿੱਚ ‘ਮੋਦੀ ਜੀ’ ਨੂੰ ਸੁਣਨ ਲਈ ਕੋਈ ਭੀੜ ਨਹੀਂ ਸੀ। ਇਸ ਲਈ ਸਾਰਾ ਡਰਾਮਾ ਕੀਤਾ ਗਿਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਦੂਜੇ ਸਿਰ ਦੋਸ਼ ਮੜ੍ਹਨਾ ਬੰਦ ਕਰਨ ਤੇ ਇਸ ਦੀ ਥਾਂ ਬੀਜੇਪੀ ਆਪਣੇ ‘ਕਿਸਾਨ ਵਿਰੋਧੀ’ ਰਵੱਈਏ ਨੂੰ ਲੈ ਕੇ ਅੰਤਰਝਾਤ ਮਾਰੇ।
ਸੁਖਬੀਰ ਬਾਦਲ ਨੇ ਮੰਗਿਆ ਮੁੱਖ ਮੰਤਰੀ ਚੰਨੀ ਦਾ ਅਸਤੀਫਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਬਾਰੇ ਸਖਤ ਸਟੈਂਡ ਲੈਂਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸੁਰੱਖਿਆ ’ਚ ਸੰਨ੍ਹ ਲੱਗਣ ਨੇ ਸਾਬਤ ਕੀਤਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ, ਜਿਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਸੂਬੇ ਨੂੰ ਚਲਾਉਣ ਦੇ ਯੋਗ ਤੇ ਸਮਰੱਥ ਨਹੀਂ ਹਨ, ਜਿਸ ਲਈ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਹੁਣ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਘੱਟੋ-ਘੱਟ ਇਹ ਆਸ ਰੱਖੀ ਜਾ ਰਹੀ ਸੀ ਕਿ ਸੂਬੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਸੁਰੱਖਿਅਤ ਨੇਪਰੇ ਚੜ੍ਹੇਗਾ ਪਰ ਇਸ ਦੇ ਫੇਲ੍ਹ ਹੋਣ ਨੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਵਿੱਚ ਆਮ ਆਦਮੀ ਵੀ ਸੁਰੱਖਿਅਤ ਨਹੀਂ।
ਇਹ ਵੀ ਪੜ੍ਹੋ: ਭਾਰਤ ਬਾਇਓਟੈੱਕ ਦੀ ਸਲਾਹ, Covaxin ਮਗਰੋਂ ਨਾ ਲਵੋ ਪੈਰਾਸਿਟਾਮੋਲ ਜਾਂ ਪੇਨ ਕਿਲਰ, ਜਾਣੋ ਕੀ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin