ਚੰਡੀਗੜ੍ਹ: ਮੇਰੇ ਖ਼ਿਲਾਫ ਗਲਤ ਕੇਸ ਦਰਜ ਕੀਤਾ ਗਿਆ ਹੈ ਤੇ ਗਊ ਰੱਖਿਆ ਦੇ ਹਿੰਸਾ ਵਾਲੀ ਵੀਡਿਓ ਅਸਲੀ ਨਹੀਂ ਉਹ ਤਾਂ ਗਊ ਵਿਰੋਧੀਆਂ ਨੂੰ ਡਰਾਉਣ ਲਈ ਟੈਲੀਫਿਲਮਾਂ ਬਣਾਈਆਂ ਸਨ। ਪੰਜਾਬ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਦੱਸਣਯੋਗ ਹੈ ਕਿ ਸਤੀਸ਼ ਕੁਮਾਰ ਖ਼ਿਲਾਫ ਰਾਜਪੁਰਾ ਪੁਲਿਸ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਕੇਸ ਦਰਜ ਕੀਤਾ ਹੈ। ਪ੍ਰਧਾਨਮੰਤਰੀ ਨੇ ਕਿਹਾ ਸੀ ਕਿ 80 ਫੀਸਦੀ ਗਊ ਰੱਖਿਅਕ ਸਿਰਫ਼ ਆਪਣੀ ਨਿੱਜੀ ਦੁਕਾਨਦਾਰੀ ਲਈ ਇਹ ਕੰਮ ਕਰਦੇ ਹਨ ਤੇ ਰਾਜ ਸਰਕਾਰਾਂ ਨੂੰ ਇਨ੍ਹਾਂ 'ਤੇ ਸ਼ਿਕੰਜਾ
ਕਸਣਾ ਚਾਹੀਦਾ ਹੈ।
ਪੁਲਿਸ ਵੱਲੋਂ ਸਤੀਸ਼ ਕੁਮਾਰ ਖ਼ਿਲਾਫ ਭਾਵੇਂ ਕੇਸ ਦਰਜ ਕਰ ਲਿਆ ਗਿਆ ਹੈ ਪਰ ਉਸਦੀ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰੀ ਟੀਮ ਗਊ ਰੱਖਿਆ ਦਾ ਕੰਮ ਕਰਦੀ ਸੀ ਤੇ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ।ਪੁਲਿਸ ਜਦੋਂ ਚਾਹੇ ਸਾਡੀ ਗ੍ਰਿਫਤਾਰੀ ਕਰ ਸਕਦੀ ਹੈ।
ਉਸਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਬਿਆਨ ਨਾਲ ਹਿੰਦੂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਚੋਣਾਂ ਦੇ ਕਾਰਨ ਕੀਤਾ ਜਾ ਰਿਹਾ ਹੈ ਤਾਂ ਗਊ ਵਿਰੋਧੀਆਂ ਦੀਆਂ ਵੋਟਾਂ ਲਈਆਂ ਜਾ ਸਕਣ।
ਉਸਨੇ ਕਿਹਾ ਕਿ ਉਹ ਗਊ ਰੱਖਿਆ ਦੇ ਨਾਂਅ ਤਾਂ ਕੋਈ ਦੁਕਾਨਦਾਰੀ ਕਰਦਾ ਹੈ ਤੇ ਨਾ ਹੀ ਕਿਸੇ 'ਤੇ ਕੋਈ ਰੰਗਦਾਰੀ ਲੈਂਦਾ ਹੈ। ਕੁਮਾਰ ਨੇ ਕਿਹਾ ਕਿ ਉਹ ਸੰਵਿਧਾਨ
ਨੂੰ ਮੰਨਦਾ ਹੈ ਤੇ ਹਿੰਸਾ ਦੇ ਖ਼ਿਲਾਫ ਹੈ ਪਰ ਜਦੋਂ ਕਿ ਗਊਆਂ 'ਤੇ ਅੱਤਿਆਚਾਰ ਹੁੰਦਾ ਹੈ ਤਾਂ ਉਸ ਨੂੰ ਦੇਖਿਆ ਨਹੀਂ ਜਾਂਦਾ। ਇਸੇ ਲਈ ਉਹ ਪਹਿਲਾਂ ਵੀ ਗਊ ਰੱਖਿਆ 'ਤੇ ਆਵਾਜ਼ ਬੁਲੰਦ ਕਰ ਰਿਹਾ ਸੀ ਤੇ ਅੱਗੇ ਤੋਂ ਵੀ ਕਰਦਾ ਰਹੇਗਾ।
ਪ੍ਰੋਗਰੈਸਿਵ ਡੇਅਰੀ ਫਾਰਮਿੰਗ ਐਸੋਸੀਏਸ਼ਨ ਵੱਲੋਂ ਲਗਾਏ ਇਲਜ਼ਾਮਾਂ 'ਤੇ ਕੁਮਾਰ ਨੇ ਕਿਹਾ ਕਿ ਉਹ ਉਨ੍ਹਾਂ ਵੱਲੋਂ ਮੇਰੇ 'ਤੇ ਪੈਸੇ ਲਏ ਜਾਣ ਦੇ ਸਾਰੇ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰਨ ਤੇ ਜੇ ਸਬੂਤ ਨਹੀਂ ਹੈ ਤਾਂ ਤਰੀਖ਼ਾਂ ਭੁਗਤਣ ਲਈ ਤਿਆਰ ਰਹਿਣ।ਉਨ੍ਹਾਂ ਕਿਹਾ ਕਿ ਸਾਡੀ ਸਾਰੀ ਟੀਮ ਗਊ ਰੱਖਿਆ ਦਾ ਕੰਮ ਕਰਦੀ ਸੀ ਤੇ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ। ਪੁਲਿਸ ਜਦੋਂ ਚਾਹੇ ਸਾਡੀ ਗ੍ਰਿਫਤਾਰੀ ਕਰ ਸਕਦੀ ਹੈ।