ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਆਰ.ਐਸ.ਐਸ. ਦੀ ਪੰਜਾਬ ਸ਼ਾਖਾ ਦੇ ਸੰਚਾਲਕ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਉੱਤੇ ਜਲੰਧਰ ਵਿੱਚ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਬਾਦਲ ਸਰਕਾਰ ਨੂੰ ਘੇਰਿਆ ਹੈ। 'ਆਪ' ਨੇ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਉੱਤੇ ਚਿੰਤਾ ਜਾਹਿਰ ਕੀਤੀ।
'ਆਪ' ਵੱਲੋਂ ਐਤਵਾਰ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਪਾਰਟੀ ਦੇ ਰਾਸ਼ਟਰੀ ਬੁਲਾਰੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ। 'ਆਪ' ਨੇਤਾਵਾਂ ਨੇ ਕਿਹਾ, 'ਰਾਜ ਵਿੱਚ ਨਾ ਤਾਂ ਕੋਈ ਧਾਰਮਿਕ ਗ੍ਰੰਥ ਸੁਰੱਖਿਅਤ ਹੈ ਤੇ ਨਾ ਹੀ ਕੋਈ ਧਰਮ ਉਪਦੇਸ਼ਕ, ਆਮ ਆਦਮੀ ਦੀ ਸੁਰੱਖਿਆ ਤਾਂ ਦੂਰ ਦੀ ਗੱਲ ਹੈ।
'ਸੰਜੈ ਸਿੰਘ ਨੇ ਕਿਹਾ ਕਿ ਇੱਕ ਧਰਮ ਨਿਰਪੱਖ ਪਾਰਟੀ ਨਾਲ ਸਬੰਧਤ ਹੋਣ ਦੇ ਨਾਤੇ ਵਿਚਾਰਕ ਤੌਰ ਭਾਵੇਂ ਅਸੀਂ ਆਰ.ਐਸ.ਐਸ. ਦੇ ਆਲੋਚਕ ਹਾਂ ਪਰ ਕਿਸੇ ਉੱਤੇ ਵੀ ਹਿੰਸਕ ਹਮਲਿਆਂ ਦਾ ਸਖ਼ਤ ਵਿਰੋਧ ਕਰਦੇ ਹਾਂ। ਜਗਦੀਸ਼ ਗਗਨੇਜਾ ਉੱਤੇ ਜਾਨਲੇਵਾ ਹਮਲੇ ਪਿੱਛੇ ਡੂੰਘੀ ਸਾਜਿਸ਼ ਦੀ ਬਦਬੂ ਆ ਰਹੀ ਹੈ, ਕਿਉਂਕਿ ਚੋਣਾਂ ਤੋਂ ਪਹਿਲਾਂ ਕੁਝ ਤਾਕਤਾਂ ਪੰਜਾਬ ਨੂੰ ਦਹਿਸ਼ਤ ਤੇ ਫਿਰਕੂ (ਸੰਪ੍ਰਦਾਇਕ) ਅੱਗ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਲਈ ਹਮਲੇ ਦੀ ਉੱਚ ਪੱਧਰ 'ਤੇ ਜਾਂਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨ ਵਿੱਚ ਪੰਜਾਬ ਵਿੱਚ ਕਨੂੰਨ ਵਿਵਸਥਾ ਦੀ ਹਾਲਤ ਕੈਪਟਨ ਅਮਰਿੰਦਰ ਸਿੰਘ ਦੀ ਨਾਲਾਇਕ ਸਰਕਾਰ ਤੋਂ ਵੀ ਜ਼ਿਆਦਾ ਵੱਧ ਬੁਰਾ ਰਿਹਾ ਹੈ। ਨਾਮਧਾਰੀ ਸੰਪ੍ਰਦਾ ਨਾਲ ਸਬੰਧਤ ਮਾਤਾ ਚੰਦ ਕੌਰ ਦੀ ਹੱਤਿਆ, ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਜਾਨਲੇਵਾ ਹਮਲਾ, ਨੰਗਲ ਡੈਮ ਤੋਂ ਸਵਾਮੀ ਕ੍ਰਿਸ਼ਨਾ ਨੰਦ ਭੂਰੀ ਵਾਲੇ ਦਾ ਸ਼ੱਕੀ ਹਾਲਾਤ ਵਿੱਚ ਗੁੰਮ ਹੋਣਾ ਵਰਗੇ ਮਾਮਲਿਆਂ ਤੋਂ ਸਾਫ਼ ਹੈ ਕਿ ਰਾਜ ਵਿੱਚ ਨਾ ਤਾਂ ਕੋਈ ਧਾਰਮਿਕ ਗ੍ਰੰਥ ਸੁਰੱਖਿਅਤ ਹੈ ਤੇ ਨਾ ਹੀ ਕੋਈ ਧਰਮ ਉਪਦੇਸ਼ਕ।