ਮਾਨਸਾ: ਕਰਜ਼ ਦੇ ਨਾਗ ਨੇ ਇੱਕ ਹੋਰ ਕਿਸਾਨ ਨੂੰ ਡੰਗ ਲਿਆ ਹੈ। ਖਬਰ ਮਾਨਸਾ ਜਿਲ੍ਹੇ ਦੇ ਪਿੰਡ ਸਾਹਨੇਵਾਲੀ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਝਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਦੀ 4 ਏਕੜ ਨਰਮੇ ਦੀ ਫਸਲ ਬਰਬਾਦ ਹੋਣ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਦੇ ਚੱਲਦੇ ਇਸ ਨੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਝੁਨੀਰ ਦੇ ਪਿੰਡ ਸਾਹਨੇਵਾਲੀ ਦੇ 45 ਸਾਲਾ ਕਿਸਾਨ ਗੁਰਤੇਜ ਸਿੰਘ ਕੋਲ ਘੱਟ ਜਮੀਨ ਸੀ। ਇਸ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਮਜਬੂਰ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ਸੀ। ਪਰ ਲਗਾਤਾਰ ਘੱਟ ਆਮਦਨ ਦੇ ਚੱਲਦੇ ਗੁਰਤੇਜ ਦੇ ਸਿਰ ਕਰੀਬ 10 ਲੱਖ ਕਰਜ ਚੜ ਗਿਆ ਸੀ। ਉਹ ਪਹਿਲਾਂ ਤੋਂ ਹੀ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਇਸ ਵਾਰ ਉਸ ਦੀ 4 ਏਕੜ ਨਰਮੇ ਦੀ ਫਸਲ ਬਰਬਾਦ ਹੋ ਗਈ। ਅਜਿਹੇ 'ਚ ਕਿਸਾਨ ਗੁਰਤੇਜ ਨੂੰ ਕੋਈ ਵੀ ਰਾਸਤਾ ਨਜ਼ਰ ਨਹੀਂ ਆ ਰਿਹਾ ਸੀ। ਮਜਬੂਰਨ ਇਸ ਖੇਤਾਂ ਦੇ ਪੁੱਤ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ।
ਖੁਦਕੁਸ਼ੀ ਕਰਨ ਵਾਲਾ ਗੁਰਤੇਜ ਕੋਈ ਪਹਿਲਾ ਕਿਸਾਨ ਨਹੀਂ ਹੈ। ਹਰ ਰੋਜ ਕੋਈ ਨਾ ਕੋਭ ਗੁਰਤੇਜ ਕਰਜ਼ ਦੀ ਮਾਰ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪਰ ਇਹਨਾਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ, ਸ਼ਾਇਦ ਇਸ ਪਾਸੇ ਅਜੇ ਸਰਕਾਰਾਂ ਦਾ ਧਿਆਨ ਨਹੀਂ। ਵਧ ਰਹੇ ਖਰਚੇ ਤੇ ਫਸਲਾਂ ਦੇ ਘੱਟ ਮੁੱਲ ਕਾਰਨ ਕਿਸਾਨ ਲਗਾਤਾਰ ਕਮਜੋਰ ਹੁੰਦੇ ਜਾ ਰਹੇ ਹਨ। ਅਜਿਹੇ 'ਚ ਆਖਰ ਕੌਣ ਇਹਨਾਂ ਕਿਸਾਨਾਂ ਦੀ ਸਾਰ ਲਏਗਾ? ਕੀ ਸਰਕਾਰ ਜੀ ਕਦੇ ਜਾਗੋਗੇ? ਕੀ ਇਹਨਾਂ ਕਿਸਾਨਾਂ ਦਾ ਦਰਦ ਕਦੇ ਸਮਝੋਗੇ? ਆਖਰ ਲੋਕਾਂ ਦਾ ਪੇਟ ਭਰਨ ਵਾਲਾ ਇਹ ਅੰਨਦਾਤਾ ਕਦੋਂ ਤੱਕ ਆਣਆਈ ਮੌਤ ਮਰਦਾ ਰਹੇਗਾ ?