ਚੰਡੀਗੜ੍ਹ : ਪੰਜਾਬ ਬੀਜੇਪੀ ਦੀ ਲੀਡਰ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਜਲੰਧਰ 'ਚ ਆਰਐਸਐਸ ਲੀਡਰ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਸੀਬੀਆਈ ਜਾਂਚਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਤੋਂ ਪਹਿਲਾਂ ਢੱਡਰੀਆਂਵਾਲਾ, ਮਾਤਾ ਚੰਦ ਕੌਰ ਜਿਹੇ ਕਤਲ ਕਾਂਡ ਅਣਸੁਲਝੇ ਹਨ। ਸਿੱਧੂ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਗਗਨੇਜਾ ਨਾਲ ਮੁਲਾਕਾਤ ਕਰਨ ਪੁੱਜੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਨਿਆਂ ਦੀ ਉਮੀਦ ਕਰਨਾ ਬੇਮਾਨੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਦੀ ਚਾਲ ਤੋਂ ਬਚਣ ਕਿਉਂਕਿ ਇਹ ਸਮਾਂ ਬਦਲਾਅ ਦਾ ਸਮਾਂ ਹੈ।
ਸਿੱਧੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਅਕਸਰ ਚੋਣਾਂ ਤੋਂ ਪਹਿਲਾਂ ਹੀ ਕਿਉਂ ਹੁੰਦੀਆਂ ਹਨ ਇਹ ਸਭ ਨੂੰ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਮਾਜਿਕ ਤਣਾਅ ਵਧ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਪੁਲਿਸ ਥਾਣੇ ਤੋਂ ਸੌ ਮੀਟਰ ਦੂਰ ਹਮਲਾਵਾਰ ਗੋਲੀਆਂ ਚਾਲ ਕੇ ਨਿਕਲ ਜਾਂਦੇ ਹਨ ਤੇ ਪੁਲਿਸ ਹੁਣ ਤੱਕ ਕੁਝ ਨਹੀਂ ਕਰ ਪਾਈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਾ ਹੈ। ਸਰਕਾਰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।