ਪਠਾਨਕੋਟ: ਪਹਾੜੀ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਤੋਂ ਪੈ ਰਹੇ ਮੀਂਹ ਨੇ ਮੈਦਾਨੀ ਇਲਾਕਿਆਂ ਵਿੱਚ ਹੜ੍ਹ ਵਰਗੀ ਹਾਲਤ ਪੈਦਾ ਕਰ ਦਿੱਤੀ ਹੈ। ਖ਼ਾਸ ਤੌਰ ਉੱਤੇ ਪਠਾਨਕੋਟ ਦਾ ਹਾਲ ਇਸ ਮੀਂਹ ਨੇ ਸਭ ਤੋਂ ਭੈੜਾ ਕਰ ਦਿੱਤਾ ਹੈ। ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਵਿੱਚ ਡੁੱਬੇ ਪਏ ਹਨ। ਇਸ ਦਾ ਅਸਰ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ। ਲੋਕ ਕੰਮਕਾਜ ਛੱਡ ਕੇ ਘਰਾਂ ਵਿੱਚ ਦਾਖਲ ਹੋਏ ਪਾਣੀ ਨੂੰ ਬਾਹਰ ਕੱਢਦੇ ਨਜ਼ਰ ਆਏ। ਮੀਂਹ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਹੜ੍ਹ ਵਰਗੀ ਹਾਲਤ ਪੈਦਾ ਹੋ ਗਈ ਹੈ। ਕਈ ਪਿੰਡਾਂ ਦਾ ਪਠਾਨਕੋਟ ਨਾਲੋਂ ਸੰਪਰਕ ਟੁੱਟ ਗਿਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ 9 ਲੋਕ ਸ਼ਨੀਵਾਰ ਨੂੰ ਫਸ ਗਏ ਸਨ ਜਿਨ੍ਹਾਂ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਮੀਂਹ ਦੀ ਰਫ਼ਤਾਰ ਨੂੰ ਦੇਖਦੇ ਹੋਏ 1998 ਤੋਂ ਬਾਅਦ ਪਠਾਨਕੋਟ ਵਿੱਚ ਪਹਿਲੀ ਵਾਰ ਇੰਨਾ ਜ਼ਿਆਦਾ ਮੀਂਹ ਪਿਆ ਹੈ। ਪਠਾਨਕੋਟ ਦੀਆਂ ਦੀਆਂ ਕਈ ਸੜਕਾਂ ਨਦੀ ਦਾ ਰੂਪ ਧਾਰਨ ਕਰ ਗਈਆਂ ਹਨ।
ਮੀਂਹ ਨੂੰ ਦੇਖਦੇ ਹੋਏ ਪਠਾਨਕੋਟ ਆਉਣ ਵਾਲੀਆਂ ਤੇ ਜਾਣ ਵਾਲੀਆਂ ਕਈ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਖ਼ਾਸ ਤੌਰ ਉੱਤੇ ਕਾਂਗੜਾ ਨੂੰ ਜਾਣ ਵਾਲੀ ਨਾਰੋਗੇਜ ਰੇਲ ਇੱਕ ਹਫ਼ਤੇ ਲਈ ਰੱਦ ਕਰ ਦਿੱਤੀ ਗਈ ਹੈ। ਰੇਲ ਰੱਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।