ਅੰਮ੍ਰਿਤਸਰ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਘੇਰਨ ਲਈ ਦਮਦਮੀ ਟਕਸਾਲ ਤੇ ਹੋਰ ਧਾਰਮਿਕ ਲੀਡਰਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਇਹ ਲੀਡਰ ਢੱਡਰੀਆਂ ਵਾਲੇ ਖਿਲਾਫ ਕੇਸ ਦਰਜ ਕਰਵਾਉਣ ਲਈ ਪੁਲਿਸ ਕੋਲ ਪਹੁੰਚ ਗਏ ਹਨ। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੀਤਾਂ ਟਿੱਪਣੀਆਂ ਤੋਂ ਵਿਰੋਧੀ ਭੜਕੇ ਹਨ।



ਅੱਜ ਢੱਡਰੀਆਂ ਵਾਲੇ ਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਵਿਕਰਮ ਸਿੰਘ ਬਬੇਹਾਲੀ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਕੋਲ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਕਰਨ ਵਾਲਿਆਂ 'ਚ ਧਰਮ ਪ੍ਰਚਾਰ ਕਮੇਟੀ ਮੈਂਬਰ ਦੇ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ ਤੇ ਸ਼ਮਸ਼ੇਰ ਸਿੰਘ ਜੇਠੂਵਾਲ ਸ਼ਾਮਲ ਹਨ।

ਯਾਦ ਰਹੇ ਇਸ ਬਾਰੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਅਕਾਲ ਤਖਤ ਵੱਲੋਂ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਸੀ ਪਰ ਢੱਡਰੀਆਂ ਵਾਲੇ ਪੇਸ਼ ਨਹੀਂ ਹੋਏ ਸੀ। ਇਸ ਮਗਰੋਂ ਹੁਣ ਵਿਰੋਧੀ ਉਨ੍ਹਾਂ ਨੂੰ ਕਾਨੂੰਨ ਸ਼ਿਕੰਜੇ ਵਿੱਚ ਟੰਗਣ ਲਈ ਡਟ ਗਏ ਹਨ।