Farmer Protest: ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਕਿਸਾਨਾਂ ਦਾ ਧਰਨਾ ਪੰਜਾਬ ਪੁਲਿਸ ਨੇ ਜ਼ਬਰਦਸਤੀ ਖਤਮ ਕਰ ਦਿੱਤਾ। ਦੋਵੇਂ ਬਾਰਡਰਾਂ ਉੱਤੇ ਪੰਜਾਬ ਪੁਲਿਸ ਨੇ 3400 ਤੋਂ ਵੱਧ ਨਫ਼ਰੀ ਮੋਰਚਿਆਂ ਉੱਤੇ ਮੌਜੂਦ 300-400 ਕਿਸਾਨਾਂ ਨੂੰ ਜਬਰੀ ਬੱਸ ਵਿੱਚ ਭਰ ਕੇ ਥਾਣਿਆਂ ਵਿੱਚ ਡੱਕ ਦਿੱਤਾ ਅਤੇ ਬਹੁਤਿਆਂ ਨੂੰ ਘਰੋ-ਘਰੀ ਭੇਜ ਦਿੱਤਾ।
ਇਸੇ ਦੌਰਾਨ ਜੇਸੀਬੀ ਦੀ ਮਦਦ ਨਾਲ ਕਿਸਾਨਾਂ ਦੇ ਟੈਂਟ ਪੱਟ ਦਿੱਤੇ ਗਏ, ਧਰਨੇ ਦੀਆਂ ਸਟੇਜਾਂ ਸਣੇ ਹੋਰ ਸਾਜੋ-ਸਮਾਨ ਅਤੇ ਟ੍ਰੈਕਟਰ ਟਰਾਲੀਆਂ ਸੜਕ ਤੋਂ ਹਟਾ ਦਿੱਤੀਆਂ ਗਈਆਂ। ਇਸ ਮੌਕੇ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਧਰਨੇ ਚੁਕਵਾਉਣ ਵੇਲੇ ਉਨ੍ਹਾਂ ਦਾ ਸਮਾਨ ਚੋਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਸਾਂਝੀ ਕੀਤੀ ਹੈ।
ਸੁਖਪਾਲ ਖਹਿਰਾ ਨੇ ਵੀਡੀਓ ਸਾਂਝ ਕਰਦਿਆਂ ਲਿਖਿਆ, ਭਗਵੰਤ ਮਾਨ ਸਰਕਾਰ ਨੇ ਨਾ ਸਿਰਫ਼ ਕਿਸਾਨੀ ਅੰਦੋਲਨ ਨੂੰ ਖੇਰੂ-ਖੇਰੂ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ, ਸਗੋਂ ਉਨ੍ਹਾਂ ਦੇ ਘਰ ਦਾ ਸਮਾਨ ਜਿਵੇਂ ਕਿ ਗੈਸ ਬਰਨਰ, ਪੱਖੇ ਆਦਿ ਵੀ ਲੁੱਟ ਲਏ, ਜਿਵੇਂ ਕਿ ਖਨੌਰੀ ਸਰਹੱਦ ਦੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ! ਪਿਆਰੇ ਡੀਜੀਪੀ ਪੁਲਿਸ ਕੀ ਪੁਲਿਸ ਲੋਕਾਂ ਦੇ ਰਖਵਾਲੇ ਹਨ ਜਾਂ ਵਰਦੀ ਵਿੱਚ ਚੋਰ?
ਜ਼ਿਕਰ ਕਰ ਦਈਏ ਕਿ 19 ਮਾਰਚ ਨੂੰ ਬਾਅਦ ਦੁਪਹਿਰ ਕੇਂਦਰੀ ਤੇ ਸੂਬਾਈ ਮੰਤਰੀਆਂ ਨਾਲ ਬੈਠਕ ਕਰ ਕੇ ਪਰਤ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣਾ ਅਤੇ ਮੋਰਚਿਆਂ ਨੂੰ ਜਬਰੀ ਖ਼ਤਮ ਕਰਵਾਉਣ ਦੀ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਕਾਰਵਾਈ ਦੀ ਤਿੱਖੀ ਨਿਖੇਧੀ ਕੀਤੀ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਇਸ ਐਕਸ਼ਨ ਉੱਤੇ ਤਿੱਖੇ ਸਵਾਲ ਖੜੇ ਕੀਤੇ ਹਨ। ਇਹਨਾਂ ਸਵਾਲਾਂ ਵਿੱਚੋਂ ਇੱਕ ਅਹਿਮ ਸਵਾਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਐੱਮਐੱਸਪੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ, ਪੰਜਾਬ ਦੇ ਕਿਸਾਨਾਂ ਖਿਲਾਫ਼ ਅਚਾਨਕ ਜਬਰੀ ਕਾਰਵਾਈ ਉੱਤੇ ਕਿਉਂ ਉਤਰ ਆਈ?