ਬਠਿੰਡਾ: ਅੱਜ ਸਵੇਰੇ ਇੱਥੋਂ ਦੇ ਮਸ਼ਹੂਰ ਕਸਬੇ ਭੁੱਚੋ ਮੰਡੀ ਤੋਂ ਕੁਝ ਗੈਂਗਸਟਰਾਂ ਨੇ ਫਾਰਚੂਨਰ ਗੱਡੀ ਖੋਹ ਲਈ ਤੇ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ 5 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚੋਂ 2 ਗੈਂਗਸਟਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਮੰਨਾ, ਪ੍ਰਭਦੀਪ ਵਜੋਂ ਹੋਈ ਹੈ। ਇੱਕ ਦੀ ਹਾਲਤ ਗੰਭੀਰ ਹੈ ਉਸ ਦਾ ਨਾਂ ਅੰਮ੍ਰਿਤਪਾਲ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਨਪ੍ਰੀਤ ਮੰਨਾ ਵੀ ਨਾਮੀ ਗੈਂਗਸਟਰ ਸੀ। ਸੂਤਰਾਂ ਮੁਤਾਬਕ ਜਦੋਂ ਗੈਂਗਸਟਰਾਂ ਨੇ ਉਕਤ ਗੱਡੀ ਖੋਹੀ ਤਾਂ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਮਾਨਸਾ ਮਾਰਗ 'ਤੇ ਪਿੰਡ ਕਟਾਰ ਸਿੰਘ ਵਾਲਾ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਵੀ ਚੱਲਿਆ। ਇੱਥੇ 3 ਗੈਂਗਸਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਨੇ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮੁਕਾਬਲਾ ਖ਼ਤਮ ਹੋ ਗਿਆ ਹੈ ਤੇ ਮਾਨਸਾ ਦੇ ਪਿੰਡ ਗੁਲਾਬਗੜ੍ਹ ਪਿੰਡ ਤੋਂ ਖੋਹੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਹਾਲੇ ਕਿਸੇ ਵੀ ਗੈਂਗਸਟਰ ਦੇ ਵੇਰਵੇ ਨਸ਼ਰ ਨਹੀਂ ਕੀਤੇ ਹਨ।