ਜਲੰਧਰ: ਨਸ਼ਾ ਤਸਕਰ ਦੀ ਖੁਫੀਆ ਜਾਣਕਾਰੀ 'ਤੇ ਵੱਡੇ ਤਸਕਰ ਨੂੰ ਫੜਨ ਲਈ ਰੇਡ ਕਰਨ ਗਈ ਜਲੰਧਰ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲਿਸ ਨੇ ਜਾਲ ਵਿਛਾ ਕੇ ਮੁਲਜ਼ਮ ਫੜਣਾ ਸੀ ਪਰ ਪੁਲਿਸ ਖ਼ੁਦ ਹੀ ਟ੍ਰੈਪ ਵਿੱਚ ਫਸ ਗਈ। ਦੂਜੇ ਪਾਸੋਂ ਹੋਈ ਫਾਈਰਿੰਗ ਵਿੱਚ ਪੁਲਿਸ ਦੇ ਨਾਲ ਗਏ ਨਸ਼ਾ ਤਸਕਰ ਦੇ ਮੋਢੇ 'ਤੇ ਗੋਲੀ ਵੱਜੀ। ਤਸਕਰ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

ਪੁਲਿਸ ਨੇ ਛਾਪੇਮਾਰੀ ਕਰਕੇ ਭਾਰਗਵ ਕੈਂਪ ਇਲਾਕੇ ਤੋਂ ਮੁਕੇਸ਼ ਨਾਂ ਦੇ ਇੱਕ ਤਸਕਰ ਨੂੰ ਫੜਿਆ। ਇਸ ਤੋਂ ਬਾਅਦ ਉਸ ਨੂੰ ਨਾਲ ਲੈ ਕੇ ਦੂਜੇ ਤਸਕਰ ਨੂੰ ਫੜਨ ਲਈ ਰੇਡ ਕਰਨ ਕਿਸ਼ਪੁਰਾ ਇਲਾਕੇ ਵਿੱਚ ਚਲੀ ਗਈ। ਪੁਲਿਸ ਮੁਕੇਸ਼ ਨੂੰ ਨਾਲ ਲੈ ਕੇ ਸਾਦੇ ਕੱਪੜਿਆਂ ਵਿੱਚ ਕਿਸ਼ਨਪੁਰਾ ਗਈ ਤਾਂ ਉੱਥੇ ਨਸ਼ਾ ਤਸਕਰ ਸੋਨੂੰ ਪਹਿਲਾਂ ਹੀ ਮੌਜੂਦ ਸੀ। ਮੁਕੇਸ਼ ਨੇ ਜਦੋਂ ਪੁਲਿਸ ਨੂੰ ਦੱਸਿਆ ਕਿ ਇਹ ਹੀ ਸੋਨੂੰ ਹੈ ਤਾਂ ਹਫੜਾ-ਦਫੜੀ ਵਿੱਚ ਸੋਨੂੰ ਨੇ ਦੋ ਗੋਲ਼ੀਆਂ ਚਲਾ ਦਿੱਤੀਆਂ। ਇੱਕ ਗੋਲ਼ੀ ਮੁਕੇਸ਼ ਦੇ ਮੋਢੇ 'ਤੇ ਲੱਗੀ। ਇਸ ਤੋਂ ਬਾਅਦ ਸੋਨੂੰ ਉੱਥੋਂ ਫਰਾਰ ਹੋ ਗਿਆ।

ਪੁਲਿਸ ਨੇ ਜਦੋਂ ਉਸ ਦੀ ਐਕਟਿਵਾ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ .32 ਬੋਰ ਦੀ ਰਿਵਾਲਰ, 2 ਮੈਗਜ਼ੀਨ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ। ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਇਰਿੰਗ ਵਿੱਚ ਪੁਲਿਸ ਵਾਲ-ਵਾਲ ਬਚ ਗਈ ਤੇ ਗੋਲ਼ੀ ਪੁਲਿਸ ਨਾਲ ਗਏ ਨਸ਼ਾ ਤਸਕਰ ਨੂੰ ਲੱਗ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।