ਚੰਡੀਗੜ੍ਹ: ਪੁਲਿਸ ਨੇ ਹਰਦੇਵ ਸਿੰਘ ਲਾਡੀ ’ਤੇ ਦਰਜ ਹੋਇਆ ਨਾਜਾਇਜ਼ ਮਾਈਨਿੰਗ ਦਾ ਪਰਚਾ ਰੱਦ ਕਰ ਦਿੱਤਾ ਹੈ। ਸ਼ਾਹਕੋਟ ਜ਼ਿਮਣੀ ਚੋਣ ਤੋਂ ਪਹਿਲਾਂ ਹਰਦੇਵ ਸਿੰਘ ਲਾਡੀ ਖ਼ਿਲਾਫ਼ ਇਹ ਪਰਚਾ ਇੰਸਪੈਕਟਰ ਬਾਜਵਾ ਵੱਲੋਂ ਦਰਜ ਕਰਾਇਆ ਸੀ। ਟਿਕਟ ਮਿਲਣ ਤੋਂ ਅਗਲੇ ਦਿਨ ਹੀ ਇੰਸਪੈਕਟਰ ਬਾਜਵਾ ਨੇ ਲਾਡੀ 'ਤੇ ਸਵੇਰੇ ਚਾਰ ਵਜੇ ਮਹਿਤਪੁਰ ਥਾਣੇ ਵਿੱਚ ਪਰਚਾ ਦਰਜ ਕੀਤਾ ਸੀ। ਇਸ ਬਾਰੇ ਗੱਲ ਕਰਦਿਆਂ ਹਰਦੇਵ ਸਿੰਘ ਲਾਡੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਖਿਲਾਫ ਸਾਜ਼ਿਸ਼ ਰਚੀ ਗਈ ਸੀ। ਪਹਿਲਾਂ ਵੀ ਉਨ੍ਹਾਂ ਦੀ ਟਿਕਟ ਦਾ ਵਿਰੋਧ ਕੀਤਾ ਜਾਂਦਾ ਸੀ। ਜਦ ਹਾਈਕਮਾਂਡ ਨੇ ਟਿਕਟ ਰੱਦ ਨਹੀਂ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਪਰਚੇ ਵਾਲੀ ਸਿਆਸਤ ਖੇਡੀ ਗਈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਤੇ ਅਕਾਲੀ ਦਲ ਦੋਵਾਂ ਦੀ ਇੰਸਪੈਕਟਰ ਬਾਜਵਾ ਨਾਲ ਗੱਲਬਾਤ ਹੁੰਦੀ ਸੀ। ਜੇ ਇਸ ਮਾਮਲੇ ਵਿੱਚ ਕਿਸੇ ਕਾਂਗਰਸੀ ਦੀ ਵੀ ਸ਼ਮੂਲੀਅਤ ਹੋਈ ਤਾਂ ਉਹ ਉਸ ਨੂੰ ਵੀ ਸਾਹਮਣੇ ਲਿਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇੰਸਪੈਕਟਰ ਬਾਜਵਾ ਦਾ ਨਾਂ ਪੈਨਲ ਵਿੱਚ ਕਿਸ ਤਰ੍ਹਾਂ ਗਿਆ, ਇਹ ਐਸਐਸਪੀ ਹੀ ਦੱਸ ਸਕਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸ਼ਾਹਕੋਟ ਵਿੱਚ ਹੁਣ ਪਰਚਿਆਂ ਤੇ ਪਰਨਿਆਂ ਦੀ ਸਿਆਸਤ ਨਹੀਂ ਹੋਵੇਗੀ।