ਪਟਿਆਲਾ : ਅੰਮ੍ਰਿਤਸਰ ਵਿੱਚ ਪੁਲਿਸ ਕਰਮੀਆਂ ਵੱਲੋਂ ਚਾਰ ਮਹਿਲਾਵਾਂ ਦੇ ਮੱਥੇ 'ਤੇ ਜੇਬ ਕਤਰੀ ਲਿਖਵਾਉਣ ਦੇ ਮਾਮਲੇ ਵਿੱਚ 23 ਸਾਲ ਬਾਅਦ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਤਿੰਨ ਪੁਲਿਸ ਕਰਮੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਵੱਡੇ ਪੱਧਰ 'ਤੇ ਨਿੰਦਾ ਹੋਈ ਸੀ।

ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਨੇ ਉਸ ਵੇਲੇ ਪੁਲਿਸ ਅਫ਼ਸਰ ਸੁਖਦੇਵ ਸਿੰਘ ਚੀਨਾ ਤੇ ਨਰਿੰਦਰ ਸਿੰਘ ਮਲੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਨਾਲ ਹੀ ਏ.ਐਸ.ਆਈ. ਕੰਵਲਜੀਤ ਸਿੰਘ ਨੂੰ ਵੀ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਦਸੰਬਰ 1993 ਦੀ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਨਿਖੇਧੀ ਹੋਈ ਸੀ। ਉਸ ਵੇਲੇ ਅੰਮ੍ਰਿਤਸਰ ਦੇ ਪੁਲਿਸ ਕਰਮੀਆਂ ਨੇ ਮੁਲਜ਼ਮ ਚਾਰ ਮਹਿਲਾਵਾਂ ਦੇ ਮੱਥੇ 'ਤੇ 'ਜੇਬ ਕਤਰੀ' ਲਿਖਵਾਇਆ ਸੀ। ਜਿਨ੍ਹਾਂ 'ਤੇ ਇੱਕ ਪਰਸ ਚੋਰੀ ਕਰਨ ਦਾ ਇਲਜ਼ਾਮ ਸੀ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਜੇਬ ਕਤਰੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਮੱਥਾ ਦੁਪੱਟੇ ਨਾਲ ਢੱਕ ਕੇ ਅਦਾਲਤ ਵਿੱਚ ਪੇਸ਼ ਕੀਤਾ।

ਇੱਕ ਮਹਿਲਾ ਨੇ ਆਪਣੇ ਮੱਥੇ 'ਤੇ ਲਿਖੇ ਸ਼ਬਦ ਅਦਾਲਤ ਨੂੰ ਵਿਖਾ ਦਿੱਤੇ ਤੇ ਮਾਮਲਾ ਸੁਰੱਖਿਆ ਵਿੱਚ ਆ ਗਿਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਵੇਖਿਆ।

ਪੀੜੀਤਾਵਾਂ ਨੇ ਸਾਲ 1994 ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸਮੇਤ ਇਨ੍ਹਾਂ ਸ਼ਬਦਾਂ ਨੂੰ ਹਟਾਉਣ ਦੇ ਲਈ ਪਲਾਸਟਿਕ ਸਰਜਰੀ ਦੇ ਕਰਵਾਉਣ ਦੀ ਮੰਗ ਕੀਤੀ ਸੀ।