ਅੰਮ੍ਰਿਤਸਰ: ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੇ ਦੋਵਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਦੂਜੇ ਦੋਸ਼ੀ ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਬਾਅਦ ਪੁਲਿਸ ਨੇ ਇਨ੍ਹਾਂ ਦੀ ਮਦਦ ਕਰਨ ਵਾਲੇ ਪਰਮਜੀਤ ਬਾਬਾ ਦੇ ਘਰ ਛਾਪੇਮਾਰੀ ਕੀਤੀ। ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ ਗ੍ਰਨੇਡ ਹਮਲੇ ਵਿੱਚ ਪਰਮਜੀਤ ਬਾਬਾ ਦਾ ਵੀ ਅਹਿਮ ਰੋਲ ਰਿਹਾ ਹੈ।


ਇਹ ਵੀ ਪੜ੍ਹੋ- ਪੁਲਿਸ ਵੱਲੋਂ ਨਿਰੰਕਾਰੀ ਭਵਨ ਗ੍ਰਨੇਡ ਹਮਲਾ ਸੁਲਝਾਉਣ ਦਾ ਦਾਅਵਾ, ਰਿਮਾਂਡ 'ਤੇ ਦੋਵੇਂ ਮੁਲਜ਼ਮ

ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਮੁਲਜ਼ਮ ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਪਰਮਜੀਤ ਬਾਬਾ ਦਾ ਵੀ ਜ਼ਿਕਰ ਕੀਤਾ ਜੋ ਇਟਲੀ ਵਿੱਚ ਰਹਿੰਦਾ ਹੈ। ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ ਪਰਮਜੀਤ ਬਾਬਾ ਦਾ ਵੀ ਗ੍ਰਨੇਡ ਹਮਲੇ ਵਿੱਚ ਹੱਥ ਹੈ। ਅਵਤਾਰ ਦੀ ਗ੍ਰਿਫ਼ਤਾਰੀ ਬਾਅਦ ਪੁਲਿਸ ਨੇ ਬਿਆਸ ਵਿੱਚ ਬਾਬਾ ਦੇ ਘਰ ਵਿੱਚ ਦੇਰ ਸ਼ਾਮ ਛਾਪੇਮਾਰੀ ਕੀਤੀ ਹੈ।

ਇਹ ਵੀ ਪੜ੍ਹੋ: ਨਿਰੰਕਾਰੀ ਭਵਨ 'ਤੇ ਹਮਲਾ ਕਰਨ ਵਾਲੇ ਬਿਕਰਮਜੀਤ ਦਾ ਕਬੂਲਨਾਮਾ

ਅੱਜ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਵਤਾਰ ਸਿੰਘ ਕੋਲੋਂ ਦੋ ਪਿਸਤੌਲ ਅਤੇ 25 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਉਸ ਨੂੰ ਅਜਾਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਸੱਤ ਦਿਨਾਂ ਦਾ ਰਿਮਾਂਡ ਮਿਲਿਆ ਹੈ। ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹੈ ਜੋ 27 ਨਵੰਬਰ ਨੂੰ ਪੂਰਾ ਹੋਣ ਜਾ ਰਿਹਾ।

ਸਬੰਧਤ ਖ਼ਬਰ: ਨਿਰੰਕਾਰੀ ਭਵਨ 'ਤੇ ਹਮਲੇ 'ਚ ਬਿਕਰਮਜੀਤ ਨੂੰ ਝੂਠਾ ਫਸਾਇਆ?

ਜ਼ਿਕਰਯੋਗ ਹੈ ਕਿ ਬੀਤੀ 18 ਨਵੰਬਰ ਨੂੰ ਰਾਜਾਸਾਂਸੀ ਹਲਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿੱਚ ਹੋਏ ਹਮਲੇ ਸਬੰਧੀ 21 ਨਵੰਬਰ ਨੂੰ ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 24 ਨਵੰਬਰ ਨੂੰ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 19 ਜਣੇ ਜ਼ਖ਼ਮੀ ਹੋ ਗਏ ਸਨ।