ਚੰਡੀਗੜ੍ਹ: ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਖੰਘ ਵਾਲੀ ਦਵਾਈ ਵਾਲੇ ਬਿਆਨ 'ਤੇ ਸਿਆਸੀ ਘੇਰੇ ਪੈਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲਾ ਕਰਾਰ ਦਿੱਤਾ ਹੈ।
‘ਆਪ’ ਦੇ ਯੂਥ ਵਿੰਗ ਦੇ ਇੰਚਾਰਜ ਵਿਧਾਇਕ ਮੀਤ ਹੇਅਰ ਅਤੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਦੇ ਬਿਆਨ ਤੋਂ ਕੈਪਟਨ ਸਰਕਾਰ ਦੇ ਨਸ਼ਿਆਂ ਸੰਬੰਧੀ ਗੰਭੀਰਤਾ ਦਾ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਦੇ ਬਿਆਨ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਵਿੱਚ ਸ਼ਰਾਬ ਸਮੇਤ ਹੋਰ ਨਸ਼ੇ ਖੁੱਲ੍ਹੇਆਮ ਵਿਕਦੇ ਹਨ।
ਇਹ ਵੀ ਪੜ੍ਹੋ: 'ਖੰਘ ਵਾਲੀ ਦਵਾਈ' ਦਾ ਲਾਰਾ ਲਾ ਕੇ ਫਸੇ ਰਾਜਾ ਵੜਿੰਗ
ਹੇਅਰ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੀ ਚੁੰਗਲ ਵਿਚ ਫਸ ਰਹੇ ਹਨ ਅਤੇ ਕਾਂਗਰਸੀ ਨੇਤਾ ਇਸ ਦਾ ਹੱਲ ਲੱਭਣ ਦੀ ਥਾਂ ਹੋਰ ਸੂਬਿਆਂ ਵਿਚ ਜਾ ਕੇ ਪੰਜਾਬ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਵੜਿੰਗ ਦੇ ਭਾਸ਼ਣ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਹੈ ਅਤੇ ਕਾਂਗਰਸੀ ਆਗੂ ਆਪਣੀਆਂ ਮਨਮਰਜ਼ੀਆਂ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਸੰਪੂਰਨ ਤੌਰ ਤੇ ਫ਼ੇਲ ਹੋ ਚੁੱਕੀ ਹੈ ਅਤੇ ਲੋਕ ਆਪਣੀਆਂ ਸਹੂਲਤਾਂ ਲਈ ਤਰਸ ਰਹੇ ਹਨ। ਉਨਾਂ ਕਿਹਾ ਕਿ ਰਾਜਾ ਵੜਿੰਗ ਸਮੂਹ ਪੰਜਾਬੀਆਂ ਅਤੇ ਖ਼ਾਸ ਤੌਰ ਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਵਾਲੇ ਅਧਿਕਾਰੀਆਂ ਤੋਂ ਮੁਆਫ਼ੀ ਮੰਗਣ। ਉਨ੍ਹਾਂ ਚੋਣ ਕਮਿਸ਼ਨ ਤੋਂ ਪੀਲੀਆਂ ਬੰਗਾ ਤੋਂ ਕਾਂਗਰਸੀ ਉਮੀਦਵਾਰ ਦੇ ਰਾਜਾ ਵੜਿੰਗ ਦੇ ਇਸ ਬਿਆਨ ਕਾਰਨ ਕਾਗਜ਼ ਰੱਦ ਕਰਨ ਦੀ ਮੰਗ ਕੀਤੀ।
ਦਰਅਸਲ, ਰਾਜਸਥਾਨ ਵਿੱਚ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕਰਦਿਆਂ ਵੜਿੰਗ ਨੇ ਲੋਕਾਂ ਨੂੰ ਰੱਜ ਕੇ 'ਖੰਘ ਦੀ ਦਵਾਈ' ਪੀਣ ਦੀ ਪੇਸ਼ਕਸ਼ ਕੀਤੀ ਸੀ। ਵੜਿੰਗ ਦਾ ਇਸ਼ਾਰਾ ਸ਼ਰਾਬ ਵੱਲ ਸੀ ਪਰ ਬਾਅਦ ਵਿੱਚ ਉਨ੍ਹਾਂ ਸਪੱਸ਼ਟੀਕਰਨ ਵੀ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਪੰਜਾਬ ਵਿੱਚ ਸਰਕਾਰੀ ਅਫ਼ਸਰਾਂ ਦੀ ਧੌਣ ਮਰੋੜਨ ਦਾ ਵੀ ਦਾਅਵਾ ਕੀਤਾ ਸੀ।