ਅੰਮ੍ਰਿਤਸਰ: ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਹਮਲੇ ਦਾ ਦੂਜਾ ਮੁਲਜ਼ਮ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਨੇਡ ਧਮਾਕੇ ਦੇ ਦੂਜੇ ਮੁਲਜ਼ਮ ਅਵਤਾਰ ਸਿੰਘ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਨਿਰੰਕਾਰੀ ਭਵਨ 'ਤੇ ਹਮਲਾ ਕਰਨ ਵਾਲੇ ਬਿਕਰਮਜੀਤ ਦਾ ਕਬੂਲਨਾਮਾ
ਜ਼ਿਕਰਯੋਗ ਹੈ ਕਿ ਇਸ ਹਮਲੇ ਦਾ ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਿਆ ਸੀ ਅਤੇ ਉਸ ਦਾ ਸਾਥੀ ਫਰਾਰ ਸੀ। ਬਿਕਰਮ ਦੇ ਦੱਸੇ ਮੁਤਾਬਕ ਉਸ ਨੇ ਪਿਸਤੌਲ ਦਿਖਾ ਕੇ ਲੋਕਾਂ ਨੂੰ ਰੋਕਣ ਦਾ ਕੰਮ ਕੀਤਾ ਸੀ ਅਤੇ ਉਸ ਦੇ ਸਾਥੀ ਨੇ ਗ੍ਰਨੇਡ ਸੁੱਟਿਆ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਹਮਲੇ ਦੌਰਾਨ ਵਰਤੇ ਗਏ ਹਥਿਆਰ ਵੀ ਉਸ ਦਾ ਸਾਥੀ ਹੀ ਲੈਕੇ ਆਇਆ ਸੀ।
ਇਹ ਵੀ ਪੜ੍ਹੋ: ਨਿਰੰਕਾਰੀ ਭਵਨ 'ਤੇ ਹਮਲੇ 'ਚ ਬਿਕਰਮਜੀਤ ਨੂੰ ਝੂਠਾ ਫਸਾਇਆ?
ਬੀਤੀ 18 ਨਵੰਬਰ ਨੂੰ ਰਾਜਾਸਾਂਸੀ ਦੇ ਨਿਰੰਕਾਰੀ ਭਵਨ ਵਿੱਚ ਦੋ ਨੌਜਵਾਨਾਂ ਨੇ ਗ੍ਰਨੇਡ ਸੁੱਟ ਦਿੱਤਾ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਜਣੇ ਜ਼ਖ਼ਮੀ ਹੋ ਗਏ ਸਨ। ਪੰਜਾਬ ਪੁਲਿਸ ਮੁਖੀ ਡੀਜੀਪੀ ਸੁਰੇਸ਼ ਅਰੋੜਾ ਸ਼ਨੀਵਾਰ ਸ਼ਾਮ ਚਾਰ ਵਜੇ ਪ੍ਰੈਸ ਕਾਨਫਰੰਸ ਕਰ ਕੇ ਇਸ ਸਬੰਧੀ ਵਧੇਰੇ ਜਾਣਕਾਰੀ ਦੇ ਸਕਦੇ ਹਨ।