ਪਠਾਨਕੋਟ: ਪੰਜਾਬ ਦੇ ਸਰਹੱਦੀ ਖੇਤਰ ਪਠਾਨਕੋਟ ਦੇ ਤਾਰਾਗੜ੍ਹ ‘ਚ ਸ਼ੁੱਕਰਵਾਰ ਨੂੰ ਫ਼ੌਜ ਦੀ ਵਰਦੀ ‘ਚ ਦੋ ਸ਼ੱਕੀਆਂ ਨੂੰ ਦੇਖੇ ਜਾਣ ਤੋਂ ਬਾਅਦ ਸੁਰਖੀਆ ਏਜੰਸੀਆਂ ਨੂੰ ਭਾਜੜ ਪੈ ਗਈ ਹੈ। ਮਾਮਲੇ ਦੀ ਗੰਭੀਰਤਾ ਵੇਖਦਿਆਂ ਜ਼ਿਲ੍ਹਾ ਪੁਲਿਸ ਤੁਰੰਤ ਸਵੈਟ ਅਤੇ ਫ਼ੌਜ ਨੂੰ ਜਾਣਕਾਰੀ ਦੇ ਦਿੱਤੀ। ਇਸ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਬਮਿਆਲ ‘ਚ ਜੰਮੂ ਕਸ਼ਮੀਰ ਦੀ ਰਜਿਸਟਰਡ ਆਲਟੋ ਕਾਰ ਵੀ ਪੁਲਿਸ ਦਾ ਨਾਕਾ ਤੋੜ ਕੇ ਨਿੱਕਲ ਗਈ।

ਹਾਲਾਂਕਿ, ਪੁਲਿਸ ਨੇ ਕਾਰ ਦਾ ਪਿੱਛਾ ਕੀਤਾ ਅਤੇ ਕਾਰ ਮੁਠੀ ਕੋਲ ਖੜ੍ਹੀ ਮਿਲੀ ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ। ਪਠਾਨਕੋਟ ਦੇ ਸ਼ਾਦੀਪੁਰ ‘ਚ ਰਹਿਣ ਵਾਲੇ ਬਲਬੀਰ ਸਿੰਘ ਆਪਣੇ ਖੇਤਾਂ ‘ਚ ਕੰਮ ਕਰ ਰਿਹਾ ਸੀ ਜਦੋਂ ਉਸ ਨੇ ਫ਼ੌਜ ਦੀ ਵਰਦੀ ‘ਚ ਦੋ ਵਿਅਕੀਆਂ ਨੂੰ ਪਿੱਠ ‘ਤੇ ਬੈਗ ਲੱਦੇ ਹੋਏ ਦੇਖਿਆ ਅਤੇ ਪਿੰਡ ਦੇ ਹੀ ਇੱਕ ਹੋਰ ਵਿਆਕਤੀ ਨੇ ਉਨ੍ਹਾਂ ਨੂੰ ਕਮਾਦ ‘ਚ ਦਾਖ਼ਲ ਹੁੰਦੇ ਵੀ ਦੇਖਿਆ।

ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਜਾਣਕਾਰੀ ਸਥਾਨਕ ਥਾਣਾ ਮੁਖੀ ਨੂੰ ਦਿੱਤੀ। ਇਸ ਦੇ ਨਾਲ ਹੀ ਵਾਈਅਰ ਲੈਸ ਨਾਲ ਮੈਸੇਜ ਫਲੈਸ਼ ਕਰ ਅਲਰਟ ਕੀਤਾ ਗਿਆ। ਪਿੰਡ ਨੂੰ ਹਰ ਪਾਸੇ ਤੋਂ ਸੀਲ ਕਰ ਦਿੱਤਾ ਗਿਆ ਹੈ। ਐਸਪੀ ਆਪ੍ਰੇਸ਼ਨਜ਼ ਵਿਸ਼ਵਨਾਥ ਨੇ ਕਮਾਨ ਸਾਂਭਦੇ ਹੋਏ ਗੁਰਦਾਸਪੁਰ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦੇ ਅਲਰਟ ਕੀਤਾ।

ਦੇਰ ਰਾਤ ਤਕ ਇੱਥੇ ਸਰਚ ਆਪ੍ਰੇਸ਼ਨ ਜ਼ਾਰੀ ਸੀ। ਪਿੰਡ ਸਾਦੀਪੁਰ ਪਾਕਿਸਤਾਨ ਬਾਰਡਰ ਤੋਂ 10-12 ਕਿਲੋਮੀਟਰ ਦੂਰ ਹੈ। ਸ਼ੱਕੀਆਂ ਦੀ ਗਿਣਤੀ ਛੇ ਦੱਸੀ ਜਾ ਰਹੀ ਹੈ, ਪੁਲਿਸ ਆਪਣੀ ਜਾਂਚ ਕਰ ਰਹੀ ਹੈ ਅਤੇ ਕਬਜ਼ੇ ‘ਚ ਲਈ ਕਾਰ ਬਾਰੇ ਵੀ ਪੁੱਛਗਿਛ ਚੱਲ ਰਹੀ ਹੈ।