ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਰਾਜਾਸਾਂਸੀ ਹਲਕੇ ਅਧੀਨ ਪੈਂਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਹਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਸੂਚਨਾ ਦਿੱਤੀ ਕਿ ਹਮਲੇ ਦੇ ਦੂਜੇ ਮੁਲਜ਼ਮ ਅਵਤਾਰ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਦੋ ਪਿਸਤੌਲ ਅਤੇ 25 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਉਸ ਨੂੰ ਅਜਾਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਸੱਤ ਦਿਨਾਂ ਦਾ ਰਿਮਾਂਡ ਮਿਲਿਆ ਹੈ। ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹੈ ਜੋ 27 ਨਵੰਬਰ ਨੂੰ ਪੂਰਾ ਹੋਣ ਜਾ ਰਿਹਾ।
ਇਹ ਵੀ ਪੜ੍ਹੋ: ਨਿਰੰਕਾਰੀ ਭਵਨ 'ਤੇ ਹਮਲਾ ਕਰਨ ਵਾਲੇ ਬਿਕਰਮਜੀਤ ਦਾ ਕਬੂਲਨਾਮਾ
ਡੀਜੀਪੀ ਨੇ ਦੱਸਿਆ ਕਿ ਪਾਕਿਸਤਾਨ ਬੈਠਾ ਜਾਵੇਦ ਨਾਂਅ ਦਾ ਸ਼ਖ਼ਸ ਦੋਵਾਂ ਨਾਲ ਸੰਪਰਕ ਵਿੱਚ ਸੀ ਤੇ ਸੁਨੇਹੇ ਦਿੰਦਾ ਸੀ। ਡੀਜੀਪੀ ਨੇ ਦੱਸਿਆ ਕਿ ਵਡਾਲਾ ਪਿੰਡ ਦਾ ਪਰਮਜੀਤ ਸਿੰਘ ਬਾਬਾ ਵੀ ਇਨ੍ਹਾਂ ਨੂੰ ਸਹਾਇਤਾ ਕਰਦਾ ਸੀ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਤਕ ਹਮਲੇ ਵਿੱਚ ਵਰਤੇ ਗਏ ਹਥਿਆਰ ਇੰਟਰਨੈੱਟ ਦੀ ਸਹਾਇਤਾ ਨਾਲ ਹੀ ਜਿਨ੍ਹਾਂ ਨੂੰ ਉਹ ਇੱਕ ਦਰੱਖ਼ਤ ਹੇਠ ਨੱਪੇ ਗਏ ਸਨ। ਇਹ ਕਿਸ ਨੇ ਰੱਖੇ ਇਸ ਬਾਰੇ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ ਅਤੇ ਪੁਲਿਸ ਨੂੰ ਵੀ ਹਥਿਆਰਾਂ ਦਾ ਪ੍ਰਬੰਧ ਕਰਨ ਵਾਲੇ ਦਾ ਸੁਰਾਗ ਨਹੀਂ ਲੱਗਾ।
ਜ਼ਿਕਰਯੋਗ ਹੈ ਕਿ ਬੀਤੀ 18 ਨਵੰਬਰ ਨੂੰ ਰਾਜਾਸਾਂਸੀ ਹਲਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿੱਚ ਹੋਏ ਹਮਲੇ ਸਬੰਧੀ 21 ਨਵੰਬਰ ਨੂੰ ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 24 ਨਵੰਬਰ ਨੂੰ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 19 ਜਣੇ ਜ਼ਖ਼ਮੀ ਹੋ ਗਏ ਸਨ।
ਸਬੰਧਤ ਖ਼ਬਰ: ਨਿਰੰਕਾਰੀ ਭਵਨ 'ਤੇ ਹਮਲੇ 'ਚ ਬਿਕਰਮਜੀਤ ਨੂੰ ਝੂਠਾ ਫਸਾਇਆ?
ਮੁਲਜ਼ਮ ਬਿਕਰਮ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਸ ਨੇ ਪਿਸਤੌਲ ਦਿਖਾ ਕੇ ਲੋਕਾਂ ਨੂੰ ਰੋਕਣ ਦਾ ਕੰਮ ਕੀਤਾ ਸੀ ਅਤੇ ਉਸ ਦੇ ਸਾਥੀ ਅਵਤਾਰ ਨੇ ਗ੍ਰਨੇਡ ਸੁੱਟਿਆ ਸੀ। ਉਸ ਨੇ ਹਥਿਆਰ ਕਿੱਥੋਂ ਅਤੇ ਕਿਵੇਂ ਆਏ ਇਸ ਬਾਰੇ ਜਾਣਕਾਰੀ ਹੋਣ ਤੋਂ ਅਸਮਰਥਤਾ ਵੀ ਪ੍ਰਗਟਾਈ ਸੀ।
ਪੁਲਿਸ ਮੁਖੀ ਨੇ ਦੱਸਿਆ ਕਿ ਜਾਵੇਦ ਨਾਂਅ ਦੇ ਸ਼ਖ਼ਸ ਨੇ ਦਵਾਈਆਂ ਦਾ ਕੰਮ ਕਰਦੇ ਅਵਤਾਰ ਨਾਲ ਇਸੇ ਬਹਾਨੇ ਸੰਪਰਕ ਕੀਤਾ ਸੀ ਤੇ ਫਿਰ ਹੌਲੀ-ਹੌਲੀ ਜਾਣ-ਪਛਾਣ ਅੱਗੇ ਵਧਾ ਕੇ ਅਜਿਹਾ ਜੁਰਮ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਕੋਈ ਖ਼ਾਸ ਅਪਰਾਧੀ ਰਿਕਾਰਡ ਨਹੀਂ ਹੈ। ਡੀਜੀਪੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ 'ਤੇ ਅਣਜਾਣ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।