ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਨਿਰੰਕਾਰੀ ਡੇਰੇ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਦੋਵੇਂ ਮੁਲਜ਼ਮ ਅਵਤਾਰ ਸਿੰਘ ਤੇ ਬਿਕਰਮਜੀਤ ਸਿੰਘ ਦਾ ਪੁਲਿਸ ਰਿਮਾਂਡ ਛੇ ਦਿਨ ਤਕ ਹੋਰ ਵਧ ਗਿਆ ਹੈ। ਪੁਲਿਸ ਨੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਦੋਵਾਂ ਦਾ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਛੇ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਸਾਫ਼ ਹੈ ਕਿ ਪੁਲਿਸ ਹਾਲੇ ਤਕ ਪੜਤਾਲ ਪੂਰੀ ਨਹੀਂ ਕਰ ਸਕੀ ਤੇ ਦੋਵਾਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ 18 ਨਵੰਬਰ ਨੂੰ ਰਾਜਾਸਾਂਸੀ ਹਲਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿੱਚ ਗ੍ਰਨੇਡ ਧਮਾਕਾ ਹੋਇਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਤੇ 19 ਜਣੇ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ 21 ਨਵੰਬਰ ਨੂੰ ਪਹਿਲਾ ਮੁਲਜ਼ਮ ਬਿਕਰਮਜੀਤ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 24 ਨਵੰਬਰ ਨੂੰ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਦੋਂ ਤੋਂ ਹੀ ਦੋਵੇਂ ਪੁਲਿਸ ਰਿਮਾਂਡ 'ਤੇ ਹਨ।