ਚੰਡੀਗੜ੍ਹ: ਹੁਣ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਹੁਣ ਕੋਈ ਵੀ ਸ਼ਿਫਾਰਸ਼ ਕੰਮ ਨਹੀਂ ਆਏਗੀ। ਨਾਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੂੰ ਚਲਾਨ ਕੱਟਣਾ ਹੀ ਪਏਗਾ। ਜੇ ਪੁਲਿਸ ਮੁਲਾਜ਼ਮ ਢਿੱਲ ਵਰਤਦਾ ਹੈ ਤਾਂ ਉੱਚ ਅਧਿਕਾਰੀ ਉਸ ਦੀ ਕਲਾਸ ਲੈਣਗੇ।


ਹੁਣ ਪੁਲਿਸ ਨੇ ਨਾਕੇ ਤੇ ਕਿੰਨੇ ਲੋਕਾਂ ਦੀ ਚੈਕਿੰਗ ਕੀਤੀ ਤੇ ਕਿੰਨਿਆਂ ਦਾ ਚਲਾਨ ਕੱਟਿਆ, ਇਸ ਚੀਜ਼ ਦਾ ਡਾਟਾ ਆਪਣੇ ਆਪ ਪੁਲਿਸ ਅਧਿਕਾਰੀਆਂ ਤਕ ਪਹੰਚ ਜਾਏਗਾ। ਪੁਲਿਸ ਵਿਭਾਗ ਵੱਲੋਂ ਇਸ ਸਿਸਟਮ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਲਗਪਗ ਪੂਰੀਆਂ ਹੋ ਚੁੱਕੀਆਂ ਹਨ। ਇਸ ਸਿਸਟਮ ਦਾ ਇੱਕ ਵਾਰ ਟ੍ਰਾਇਲ ਲੈਣ ਮਗਰੋਂ ਇਸ ਨੂੰ ਪੂਰੇ ਸੂਬੇ 'ਚ ਲਾਗੂ ਕੀਤਾ ਜਾਏਗਾ।

ਇਸ ਸਿਸਟਮ ਦੇ ਲਾਗੂ ਹੋਣ ਮਗਰੋਂ ਨਾ ਤਾਂ ਪੈਸਾ ਕੰਮ ਆਏਗਾ ਤੇ ਨਾ ਹੀ ਸ਼ਿਫਾਰਸ਼। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਵਿਭਾਗ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਤੇ ਲਗਾਮ ਕੱਸਣ ਲਈ ਖੁਦ ਨੂੰ ਹਾਈਟੈਕ ਕਰ ਰਿਹਾ ਹੈ ਜਿਸ ਤਹਿਤ ਹੁਣ ਇਹ ਕਲਾਉਡ ਬੇਸ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ।

ਵਿਭਾਗ ਕਲਾਉਡ ਬੇਸ ਸਿਸਟਮ ਕਰ ਰਿਹਾ ਤਿਆਰ
ਪੁਲਿਸ ਵੱਲੋਂ ਹੁਣ ਇੱਕ ਕਲਾਉਡ ਬੇਸ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਜ਼ਰੀਏ ਨਾਕੇ ਤੇ ਤਾਇਨਾਤ ਪੁਲਿਸ ਵੱਲੋਂ ਅਲਕੋਮੀਟਰ 'ਚ ਵਾਹਨ ਚਾਲਕ ਦੇ ਸ਼ਰਾਬ ਪੀਣ ਦੀ ਪੁਸ਼ਟੀ ਕਰਨ ਦੇ ਲਈ ਫੂਕ ਮਰਵਾਈ ਜਾਏਗੀ, ਜਿਸ ਮਗਰੋਂ ਸਾਰੀ ਜਾਣਕਾਰੀ ਕਲਾਉਡ ਤੇ ਚੱਲੀ ਜਾਏਗੀ। ਐਸੇ ਵਿੱਚ ਸਾਰੀ ਜਾਣਕਾਰੀ ਸਿਨਿਅਰ ਅਧਿਕਾਰੀਆਂ ਤੱਕ ਪਹੁੰਚ ਜਾਏਗੀ ਤੇ ਉਨ੍ਹਾਂ ਨੂੰ ਚਲਾਨ ਕੱਟਣਾ ਹੀ ਪਵੇਗਾ।

ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਰਮਚਾਰੀਆਂ ਦੇ ਨਾਲ ਮੌਜੂਦ ਅਲਕੋਮੀਟਰ ਨੂੰ ਵਿਲੱਖਣ ਕੋਡ ਦਿੱਤਾ ਜਾਵੇਗਾ। ਚੈਕਿੰਗ ਦੌਰਾਨ ਡਰਾਈਵਰ ਜੋ ਵੀ ਸ਼ਰਾਬ ਪੀਕੇ ਗੱਡੀ ਚਲਾਉਂਦਾ ਹੈ ਤੇ ਅਲਕੋਮੀਟਰ 'ਚ ਫੂਕ ਮਾਰਦਾ ਹੈ, ਸ਼ਰਾਬ ਦੀ ਮਾਤਰਾ ਤੇ ਕਿਸ ਖੇਤਰ ਦੀ ਪੁਲਿਸ ਕੋਲ ਅਲਕੋਮੀਟਰ ਹੈ, ਸਾਰੀ ਜਾਣਕਾਰੀ ਤੁਰੰਤ ਵਿਭਾਗ ਦੇ ਕਲਾਉਡ 'ਚ ਚਲੀ ਜਾਏਗੀ। ਜਿਸ ਦੇ ਬਾਅਦ ਪੁਲਿਸ ਅਧਿਕਾਰੀ ਕਲਾਉਡ ਦੇ ਡੇਟਾਬੇਸ ਨਾਲ ਚਲਾਨ ਦਾ ਮੇਲ ਕਰਕੇ ਗੜਬੜੀ ਦਾ ਪਤਾ ਲਗਾ ਸਕਣਗੇ। ਯਾਨੀ ਹੁਣ ਪੁਲਿਸ ਰਿਸ਼ਵਤ ਲੈ ਕੇ ਮੌਕੇ ‘ਤੇ ਨਹੀਂ ਛੱਡ ਸਕੇਗੀ।