ਤਰਨ ਤਾਰਨ: ਕੱਲ੍ਹ ਯਾਨੀ ਸ਼ਾਨੀਵਾਰ ਸ਼ਾਮ ਤਰਨ ਤਾਰਨ ਦੇ ਪਿੰਡ ਪਾਹੂਵਿੰਡ ਵਿੱਚ ਨਗਰ ਕੀਰਤਨ ਦੌਰਾਨ ਟਰਾਲੀ 'ਚ ਹੋਏ ਧਮਾਕੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਸੱਤ ਦੇ ਕਰੀਬ ਜ਼ਖਮੀ ਹੋਏ ਹਨ। ਇਸ ਦੌਰਾਨ ਪੁਲਿਸ ਅਫਸਰ ਮਾਮਲੇ ਤੋਂ ਅਣਜਾਣ ਨਜ਼ਰ ਆਏ। ਤਰਨ ਤਾਰਨ ਦੇ ਐਸਐਸਪੀ ਧੁਰੱਵ ਦਹੀਆ ਨੇ 14 ਦੇ ਕਰੀਬ ਮੌਤਾਂ ਹੋਣ ਦਾ ਖਦਸ਼ਾ ਜਾਹਰ ਕੀਤਾ ਸੀ ਜਦੋਂਕਿ ਮੌਤਾਂ ਸਿਰਫ ਦੋ ਹੋਈਆਂ ਹਨ।

ਐਸਐਸਪੀ ਦੇ ਖਦਸ਼ੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਆਈਜੀ ਬਾਰਡਰ ਰੇਂਜ ਨੇ ਦੋ ਮੌਤਾਂ ਹੋਣ ਦੀ ਪੁਸ਼ਟੀ ਕੀਤੀ। ਆਈਜੀ ਬਾਰਡਰ ਰੇਂਜ ਸੁਰਿੰਦਰ ਸਿੰਘ ਪਰਮਾਰ ਨੇ ਐੈਸਐਸਪੀ ਦੀ 14 ਮੌਤਾਂ ਦੀ ਗਿਣਤੀ ਝੂਠ ਦੱਸਦਿਆ ਕਿਹਾ ਕਿ ਇਸ ਹਾਦਸੇ 'ਚ ਸਿਰਫ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਸੱਤ ਲੋਕ ਜ਼ਖਮੀ ਹੋਏ ਹਨ। ਇਸ ਲਈ ਪੁਲਿਸ ਦੀ ਜਾਣਕਾਰੀ ਵਿੱਚ ਵੱਖਰੇਵਾਂ ਹੋਣ ਕਾਰਨ ਕਾਫੀ ਚਰਚਾ ਹੋ ਰਹੀ ਹੈ।

ਦੱਸ਼ ਦਈਏ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਪਾਹੂਵਿੰਡ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਟਾਹਲਾ ਸਾਹਿਬ ਲਈ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਪਿੰਡ ਡਾਲਕੇ ਦੇ ਨਜ਼ਦੀਕ ਨਗਰ ਕੀਰਤਨ ਵਿੱਚ ਸ਼ਾਮਲ ਆਤਸ਼ਬਾਜੀ ਕਰ ਰਹੀ ਟਰਾਲੀ ਵਿੱਚ ਅਚਾਨਕ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕੀ ਦੂਰ-ਦੂਰ ਤੱਕ ਸੁਣਾਈ ਦਿੱਤਾ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਤੇ ਮਨਦੀਪ ਸਿੰਘ ਵਜੋਂ ਹੋਈ ਹੈ ਤੇ ਦੋਨਾਂ ਦੀ ਉਮਰ 14-15 ਸਾਲ ਦੇ ਕਰੀਬ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੁਖਦਾਈ ਘਟਨਾ 'ਤੇ ਸਦਮੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਸਬ ਡਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਤਰਨ ਤਾਰਨ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਘਟਨਾ ਦੀ ਪੂਰੀ ਜਾਂਚ ਕਰਨ ਲਈ ਕਿਹਾ ਹੈ।