Punjab News: ਬੈਂਕਾਂ ਦਾ ਕਰਜ਼ ਨਾ ਮੋੜ ਵਾਲੇ ਕਿਸਾਨਾਂ ਦੀ ਸ਼ਾਮਤ ਆ ਗਈ ਹੈ। ਬੈਂਕ ਹੁਣ ਕਾਨੂੰਨ ਦੀ ਸਹਾਇਤਾ ਲੈਣ ਲੱਗੇ ਹਨ। ਇਸ ਲਈ ਬੈਂਕਾਂ ਵੱਲੋਂ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਕਿਸਾਨਾਂ ਦੇ ਵਾਰੰਟ ਜਾਰੀ ਕੀਤੇ ਜਾ ਰਹੇ ਹਨ। ਬੈਂਕ ਦੇ ਕਰਜ਼ਈ ਕਿਸਾਨਾਂ ਨੂੰ ਪੁਲਿਸ ਵੱਲੋਂ ਵਾਰੰਟ ਕੱਢ ਕੇ ਡਿਫਾਲਟਰ ਰਾਸ਼ੀ ਭਰਨ ਲਈ ਕਿਹਾ ਜਾਣ ਲੱਗਾ ਹੈ। ਇਸ ਮਗਰੋਂ ਕਿਸਾਨ ਜਥੇਬੰਦੀਆਂ ਵੀ ਹਰਕਤ ਵਿੱਚ ਆ ਗਈਆਂ ਹਨ। 


ਦਰਅਸਲ ਮਾਨਸਾ ਇਲਾਕੇ ਵਿੱਚ ਮਾਨਸਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ (ਪੀਏਡੀਬੀ ਬੈਂਕ) ਵੱਲੋਂ ਕਰਜ਼ਦਾਰ ਕਿਸਾਨਾਂ ਤੋਂ ਕਰਜ਼ਾ ਵਸੂਲਣ ਖਾਤਰ ਪੁਲਿਸ ਰਾਹੀਂ ਵਾਰੰਟ ਕੱਢਣ ਦੇ ਮਾਮਲੇ ਸਾਹਮਣੇ ਆਏ ਹਨ। ਮਾਨਸਾ ’ਚ ਉਪ ਕਪਤਾਨ ਪੁਲਿਸ ਅਧਿਕਾਰੀ ਵੱਲੋਂ ਜੋਗਾ ਥਾਣਾ ਦੇ ਮੁੱਖ ਅਫ਼ਸਰ ਰਾਹੀਂ ਵਾਰੰਟ ਨੰਬਰ 2145/ਐਮ, ਮਿਤੀ: 28.10.2024 ਕੱਢ ਕੇ ਪਿੰਡ ਰੱਲਾ ਦੇ ਨਛੱਤਰ ਸਿੰਘ ਤੇ ਪਿੰਡ ਉੱਭਾ ਦੇ ਗੁਰਚਰਨ ਸਿੰਘ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬੁਲਾ ਕੇ ਕਰਜ਼ੇ ਦੀ ਰਾਸ਼ੀ ਭਰਨ ਲਈ ਕਿਹਾ ਗਿਆ ਹੈ। 


ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਭੈਣੀਬਾਘਾ ਦੇ ਇੱਕ ਕਿਸਾਨ ਨੇ 2007 ਵਿੱਚ 40 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਬੈਂਕ ਪ੍ਰਬੰਧਕਾਂ ਵੱਲੋਂ 7 ਲੱਖ ਰੁਪਏ ਦੀ ਵਸੂਲੀ ਲਈ ਧਮਕਾਇਆ ਜਾ ਰਿਹਾ ਹੈ। ਇਸੇ ਦੌਰਾਨ ਜਥੇਬੰਦੀ ਦੇ ਇੱਕ ਕਿਸਾਨ ਆਗੂ ਜਸਪਾਲ ਸਿੰਘ ਉੱਭਾ ਨੇ ਦੱਸਿਆ ਕਿ ਉਨ੍ਹਾਂ ਦੇ ਫ਼ੌਤ ਹੋ ਚੁੱਕੇ ਪਿਤਾ ਦਾ ਕਰਜ਼ਾ ਭਰਨ ਦਾ ਬਹਾਨਾ ਬਣਾ ਕੇ ਉਸ ਸਮੇਂ ਦੇ ਮੈਨੇਜਰ ਤੇ ਸਹਾਇਕਾਂ ਵੱਲੋਂ 2015 ਤੱਕ ਕਰੋੜਾਂ ਰੁਪਏ ਦੇ ਘਪਲਿਆਂ ਦੇ ਮਾਮਲੇ ਨੂੰ ਛੁਪਾਉਣ ਲਈ ਹੁਣ ਅਧਿਕਾਰੀਆਂ ਵੱਲੋਂ ਪੁਲਿਸ ਰਾਹੀਂ ਵਾਰੰਟ ਕੱਢਣੇ ਸ਼ੁਰੂ ਕੀਤੇ ਜਾ ਰਹੇ ਹਨ। 


ਉਧਰ ਜਥੇਬੰਦੀ ਵੱਲੋਂ ਬਲਾਕ ਪ੍ਰਧਾਨ ਜਗਤਾਰ ਸਿੰਘ ਸਹਾਰਨਾ, ਸੁਖਚਰਨ ਸਿੰਘ ਦਾਨੇਵਾਲੀਆ ਤੇ ਜਸਪਾਲ ਸਿੰਘ ਉੱਭਾ ਨੇ ਕਿਹਾ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਕਰਨ ਵਿਰੁੱਧ ਬੈਂਕਾਂ ਦਾ ਘਿਰਾਓ ਕੀਤਾ ਜਾਵੇਗਾ।