ਲੁਧਿਆਣਾ: ਜ਼ਿਲ੍ਹੇ ਦੇ ਸ਼ਹਿਰ ਜਗਰਾਉਂ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਉਸ ਸਮੇਂ ਫਿੱਕ ਪੈ ਗਈ ਜਦੋਂ ਇੱਕ ਪੁਲਿਸ ਮੁਲਾਜ਼ਮ ਦੀ ਸਰਕਾਰੀ ਏ.ਕੇ. 47 ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ ਜਾਂ ਗੋਲ਼ੀ ਅਚਾਨਕ ਚੱਲੀ ਹੈ।
ਜਗਰਾਉਂ ਦੇ ਥਾਣਾ ਮੁਖੀ ਦੇ ਚਾਲਕ ਮਨਜੀਤ ਰਾਮ ਗਣਤੰਤਰ ਦਿਵਸ ਦੀ ਪਰੇਡ ਤੋਂ ਬਾਅਦ ਗੱਡੀ ਵਿੱਚ ਬੈਠਾ ਸੀ। ਬਾਹਰ ਖੜ੍ਹੇ ਉਸ ਦੇ ਸਾਥੀ ਮੁਲਾਜ਼ਮਾਂ ਨੂੰ ਗੋਲ਼ੀ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਫੌਰਨ ਜਾ ਕੇ ਵੇਖਿਆ ਤਾਂ ਗੋਲ਼ੀ ਮਨਜੀਤ ਰਾਮ ਦੀ ਛਾਤੀ ਵਿੱਚੋਂ ਪਾਰ ਹੁੰਦੀ ਹੋਈ ਗੱਡੀ ਦੇ ਦਰਵਾਜ਼ੇ ਤੇ ਸ਼ੀਸ਼ੇ ਨੂੰ ਚੀਰਦੀ ਹੋਈ ਨਿੱਕਲ ਗਈ। ਮਨਜੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਇਸ ਮਾਮਲੇ ਦੇ ਖ਼ੁਦਕੁਸ਼ੀ ਹੋਣ ਸਬੰਧੀ ਜਾਂਚ ਵੀ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਮਨਜੀਤ ਰਾਮ ਜਲੰਧਰ ਦੇ ਕਸਬਾ ਮਹਿਤਪੁਰ ਵਿੱਚ ਆਪਣਾ ਘਰ ਬਣਾ ਰਿਹਾ ਸੀ ਤੇ ਉਸ ਨੇ 13 ਲੱਖ ਰੁਪਏ ਦਾ ਕਰਜ਼ ਵੀ ਲਿਆ ਹੋਇਆ ਸੀ। ਉਸ ਦਾ ਆਪਣੇ ਭਰਾਵਾਂ ਨਾਲ ਜਾਇਦਾਦ ਦਾ ਝਗੜਾ ਵੀ ਚੱਲ ਰਿਹਾ ਸੀ, ਜਿਸ ਕਰ ਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਰਹਿੰਦਾ ਸੀ।
ਥਾਣਾ ਸ਼ਹਿਰੀ ਦੇ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸੁਭਾਅ ਤੋਂ ਹਸਮੁਖ ਸੀ ਤੇ ਆਪਣੀ ਪ੍ਰੇਸ਼ਾਨੀ ਕਿਸੇ ਨੂੰ ਜ਼ਾਹਰ ਨਹੀਂ ਸੀ ਕਰਦਾ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਬੈਠੇ ਮਨਜੀਤ ਨੂੰ ਗੋਲ਼ੀ ਅਚਾਨਕ ਲੱਗੀ ਜਾਂ ਉਸ ਨੇ ਆਪ ਚਲਾਈ ਸੀ, ਯਾਨੀ ਖ਼ੁਦਕੁਸ਼ੀ ਕੀਤੇ ਜਾਣ ਦੀ ਜਾਂਚ ਜਾਰੀ ਹੈ।