ਹਰਸ਼ਰਨ ਕੌਰ
ਚੰਡੀਗੜ੍ਹ: ਸਿੱਖ ਇਤਿਹਾਸ 'ਚ ਅਣਗਿਣਤ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਵਿੱਢੀ ਜੰਗ 'ਚ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਦਾ ਨਾਂ ਉਨ੍ਹਾਂ ਮਹਾਨ ਸ਼ਹੀਦਾਂ ਦੀ ਕਤਾਰ ਵਿੱਚ ਆਉਂਦਾ ਹੈ, ਜਿਨ੍ਹਾਂ ਦੇ ਇਰਾਦੇ ਤੇ ਵਿਚਾਰ ਫੌਲਾਦੀ ਸਨ। ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਮੁਖੀ ਸਨ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਇਤਿਹਾਸ ਗਵਾਹ ਹੈ ਕਿ ਬਾਬਾ ਦੀਪ ਸਿੰਘ ਦੇ ਪੈਰਾਂ 'ਚ ਸਮੁੰਦਰ ਦੀਆਂ ਲਹਿਰਾਂ ਤੋਂ ਵੱਧ ਵੇਗ ਸੀ ਤੇ ਬਾਬਾ ਜੀ ਦੇ ਲਹੂ 'ਚ ਇੰਨੀ ਗਰਮੀ ਸੀ ਕਿ ਜੰਗ ਦੇ ਮੈਦਾਨ ਵਿੱਚ ਜਹਾਨ ਖਾਨ ਨਾਲ ਹੋਈ ਲੜਾਈ 'ਚ ਜਦੋਂ ਬਾਬਾ ਜੀ ਦਾ ਸੀਸ ਧੜ ਤੋਂ ਵੱਖਰਾ ਹੋ ਗਿਆ ਸੀ ਤਾਂ ਆਪ ਜੀ ਨੇ ਖੱਬੇ ਹੱਥ ਦੀ ਤਲੀ ਤੇ ਆਪਣਾ ਸੀਸ ਰੱਖਿਆ ਤੇ ਸੱਜੇ ਹੱਥ 'ਚ 18 ਸੇਰ ਦੇ ਖੰਡੇ ਨਾਲ ਦੁਸ਼ਮਣ ਦੇ ਆਹੂ ਲਾਹੁੰਦੇ ਗਏ ਤੇ ਜੰਗ ਜਿੱਤ ਲਿਆ।
ਬਾਬਾ ਜੀ ਪੰਥ ਦੀ ਖਾਤਰ ਹਰ ਕੁਰਬਾਨੀ ਕਰਨ ਲਈ ਸਦਾ ਤਿਆਰ ਬਰ ਰਹਿਣ ਵਾਲੇ ਯੋਧੇ ਸਨ, ਆਪ ਜੀ ਦਾ ਜਨਮ 26 ਜਨਵਰੀ 1682 ਵਿੱਚ ਅੰਮ੍ਰਿਤਸਰ ਦੀ ਤਹਿਸੀਲ ਪੱਟੀ ਦੇ ਪਿੰਡ ਪਹੁਵਿੰਡ ਵਿੱਚ ਭਾਈ ਭਗਤਾ ਜੀ ਦੇ ਘਰ ਹੋਇਆ ਸੀ। 12 ਸਾਲ ਦੀ ਉਮਰ ਵਿਚ ਆਪ ਜੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਚਲੇ ਗਏ ਸਨ। ਇਸ ਤੇਂ ਬਾਅਦ ਆਪ ਜੀ ਨੇ ਪੂਰੀ ਜ਼ਿੰਦਗੀ ਪੰਥ ਦੀ ਚੜ੍ਹਦੀਕਲਾ ਲਈ ਸੇਵਾ ਕਰਦਿਆਂ ਗੁਜ਼ਾਰੀ।
ਆਨੰਦਪੁਰ ਸਾਹਿਬ ਵਿਖੇ ਆਪ ਜੀ ਨੇ ਗੁਰੂ ਸਾਹਿਬ ਤੋਂ ਸ਼ਸ਼ਤਰ ਤੇ ਸ਼ਾਸਤਰ ਵਿੱਦਿਆ ਹਾਸਲ ਕੀਤੀ। 20 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦੇ ਆਦੇਸ਼ ਮੁਤਾਬਕ ਬਾਬਾ ਜੀ ਦਮਦਮਾ ਸਾਹਿਬ ਜਾ ਕੇ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਨ ਲੱਗੇ। ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਗੁਰੂ ਸਾਹਿਬ ਦਮਦਮਾ ਸਾਹਿਬ ਪਹੁੰਚੇ।
ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਤੇ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਦੀ ਸੰਪੂਰਨਤਾ ਦਾ ਕਾਰਜ ਸੌਂਪਿਆ। ਆਪ ਜੀ ਨੇ ਮਹਾਨ ਕਾਰਜ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ। ਇਸ ਮਹਾਨ ਕਾਰਜ ਕਰਨ ਦੇ ਨਾਲ ਆਪ ਨੇ 18ਵੀਂ ਸਦੀ ਦੀਆਂ ਜੰਗਾਂ 'ਚ ਵੀ ਗੁਰੂ ਸਾਹਿਬ ਨਾਲ ਹਿੱਸਾ ਲਿਆ। 1757 'ਚ ਤੈਮੂਰ ਸ਼ਾਹ ਤੇ ਜਾਹਨ ਖਾਨ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ ਪਹੁੰਚੀ, ਤਾਂ ਆਪ ਜੀ 76 ਸਾਲ ਦੀ ਬਿਰਧ ਅਵਸਥਾ 'ਚ 18 ਸੇਰ ਦਾ ਖੰਡਾ ਹੱਥ 'ਚ ਫੜ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਚੱਲ ਪਏ।
ਬਾਬਾ ਦੀਪ ਸਿੰਘ ਜੀ ਨੇ ਜੰਗ ਜਿੱਤ ਕੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਦਾ ਅਰਦਾਸਾ ਸੋਧਿਆ ਤੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਸ਼ਹਿਰ ਦੇ ਬਾਹਰ ਘਮਸਾਣ ਦਾ ਯੁੱਧ ਹੋਇਆ, ਜਹਾਨ ਖਾਨ ਨਾਲ ਹੋ ਰਹੀ ਗਹਿਗੱਚ ਲੜਾਈ ਵਿੱਚ ਬਾਬਾ ਜੀ ਸੀਸ ਧੜ ਨਾਲੋਂ ਵੱਖਰਾ ਹੋ ਗਿਆ। ਕੋਲ ਖੜ੍ਹੇ ਸਿੰਘ ਨੇ ਜਦ ਬਾਬਾ ਜੀ ਨੂੰ ਦਰਬਾਰ ਸਾਹਿਬ ਦੇ ਚਰਨਾਂ 'ਚ ਪਹੁੰਚੇ ਕੇ ਨਤਮਸਕਤਕ ਹੋਣ ਦਾ ਪ੍ਰਣ ਯਾਦ ਕਰਵਾਇਆ ਤਾਂ ਐਸਾ ਕਰਿਸ਼ਮਾ ਵਾਪਰਿਆ ਜਿਸ ਦੀ ਮਿਸਾਲ ਦੁਨੀਆ 'ਚ ਕਿਧਰੇ ਵੀ ਨਹੀਂ ਮਿਲਦੀ। ਬਾਬਾ ਜੀ ਨੇ ਆਪਣੇ ਖੱਬੇ ਹੱਥ 'ਤੇ ਸੀਸ ਰੱਖ ਕੇ ਸੱਝੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਕਿ ਦੁਸ਼ਮਣ ਫ਼ੌਜ 'ਚ ਭਾਜੜਾਂ ਪੈ ਗਈਆਂ।
ਜੰਗ ਜਿੱਤ ਕੇ ਸ੍ਰੀ ਹਰਿਮੰਰ ਸਾਹਿਬ ਪਰਿਕਰਮਾ ਚ ਸੀਸ ਭੇਟ ਕਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਇਸੇ ਕਰ ਕੇ ਬਾਬਾ ਦੀਪ ਸਿੰਘ ਜੀ ਨੂੰ ਅਨੋਖੇ ਅਮਰ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਹਰਮਿੰਦਰ ਸਾਹਿਬ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਸੁਸ਼ੋਭਿਤ ਹੈ। ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹਾਦਤ ਜ਼ੁਲਮ ਦੇ ਖਿਲਾਫ, ਬੁਰਾਈ ਦੇ ਖਿਲਾਫ ਸੀ। ਆਪ ਦੀ ਸ਼ਹੀਦੀ ਨੇ ਚਿਣਗ ਜਗਾਈ ਕਿ ਧਰਮਾਂ ਦੇ ਮੁਕੱਦਸ ਅਸਥਾਨਾਂ ਦੀ ਬੇਅਦਬੀ ਖਿਲਾਫ ਕਿਸ ਤਰ੍ਹਾਂ ਸੀਸ ਤਲੀ 'ਤੇ ਧਰ ਕੇ ਲੜਿਆ ਜਾ ਸਕਦਾ ਹੈ।
ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰ ਧਰ ਤਲੀ ਗਲੀ ਮੇਰੀ ਆਉ।।