ਚੰਡੀਗੜ੍ਹ: ਪੰਜਾਬ ਪੁਲਿਸ ਦੇ ਐਸਐਚਓ ਵੱਲੋਂ ਸਬਜੀ ਦੀ ਟੋਕਰੀ ਨੂੰ ਲੱਤ ਮਾਰਨ ਵਾਲੀ ਘਟਨਾ ਮਗਰੋਂ ਇੱਕ ਹੋਰ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਇਸ ਘਟਨਾ ਨੇ ਪੰਜਾਬ ਪੁਲਿਸ ਨੂੰ ਇੱਕ ਵਾਰ ਫੇਰ ਸ਼ਰਮਿੰਦਾ ਕੀਤਾ ਹੈ। ਇਸ ਵਾਰ ਪੰਜਾਬ ਦੇ ਫਤਿਹਗੜ ਸਾਹਿਬ ਕਸਬੇ ਵਿਚ ਇਕ ਹੈੱਡ ਕਾਂਸਟੇਬਲ ਵੱਲੋਂ ਅੰਡੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ ਪੁਲਿਸ ਦੇ ਇਸ ਹੈੱਡ ਕਾਂਸਟੇਬਲ ਦੀ ਇਹ ਚੋਰੀ ਕਿਸੇ ਨੇ ਕੈਮਰੇ ਵਿੱਚ ਕੈਦ ਕਰ ਲਈ ਜਿਸ ਮਗਰੋਂ ਇਹ ਪੂਰਾ ਮਾਮਲੇ ਦਾ ਪਰਦਾਫਾਸ਼ ਹੋ ਗਿਆ।
ਕੈਮਰੇ 'ਤੇ ਰਿਕਾਰਡ ਕੀਤੀ ਗਈ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਹੈੱਡ ਕਾਂਸਟੇਬਲ ਪੁਲਿਸ ਮੁਲਾਜ਼ਮ ਪ੍ਰਿਤਪਾਲ ਸਿੰਘ ਸੜਕ ਦੇ ਕਿਨਾਰੇ ਖੜ੍ਹੀ ਗੱਡੀ 'ਚ ਲੱਧੇ ਅੰਡਿਆਂ ਦੀ ਕੈਰੇਟ ਵਿਚੋਂ ਅੰਡੇ ਚੋਰੀ ਚੁੱਕ ਰਿਹਾ ਹੈ ਅਤੇ ਆਪਣੀ ਪੈਂਟ ਦੀ ਜੇਬ ਵਿਚ ਪਾ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ਸਮੇਂ ਹੈੱਡ ਕਾਂਸਟੇਬਲ ਅੰਡੇ ਚੋਰੀ ਕਰ ਰਿਹਾ ਸੀ ਉਸ ਸਮੇਂ ਰਿਕਸ਼ੇ ਦਾ ਮਾਲਕ ਆਪਣੀ ਗੱਡੀ ਨੇੜੇ ਮੌਜੂਦ ਨਹੀਂ ਸੀ।
ਇਸ ਮਗਰੋਂ ਪੁਲਿਸ ਮੁਲਾਜ਼ਮ ਆਟੋ ਵਿੱਚ ਬੈਠ ਕੇ ਉੱਥੋਂ ਰਫੂ ਚੱਕਰ ਹੋ ਗਿਆ। ਪੁਲਿਸ ਕਰਮੀ ਦੀ ਇਹ ਸਾਰੀ ਹਰਕਤ ਇੱਕ ਕੈਮਰੇ ਵਿੱਚ ਕੈਦ ਹੋ ਗਈ। ਇਸ ਮਗਰੋਂ ਇਹ ਪੂਰਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ।ਆਏ ਦਿਨ ਪੁਲਿਸ ਮੁਲਾਜ਼ਮਾਂ ਦੀਆਂ ਵਾਇਰਲ ਵੀਡੀਓਜ਼ ਨੇ ਹੁਣ ਪੁਲਿਸ ਵਿਭਾਗ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ। ਫਗਵਾੜਾ, ਬਟਾਲਾ ਤੇ ਬਠਿੰਡਾ ਮਗਰੋਂ ਹੁਣ ਪੰਜਾਬ ਪੁਲਿਸ ਫਤਿਹਗੜ੍ਹ ਸਾਹਿਬ ਵਿੱਚ ਸ਼ਰਮਸਾਰ ਹੋਈ ਹੈ।
ਪੁਲਿਸ ਵਿਭਾਗ ਨੇ ਟਵੀਟ ਵਿੱਚ ਲਿਖਿਆ, “ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਦਾ ਪ੍ਰਿਤਪਾਲ ਸਿੰਘ ਅੰਡੇ ਚੋਰੀ ਕਰਦਾ ਕੈਮਰੇ ਵਿੱਚ ਕੈਦ ਹੋਇਆ ਹੈ, ਜਦੋਂ ਰੇਹੜੀ ਦਾ ਮਾਲਕ ਆਪਣੀ ਗੱਡੀ ਦੇ ਨੇੜੇ ਨਹੀਂ ਸੀ, ਹੈਡ ਕਾਂਸਟੇਬਲ ਨੂੰ ਮੁਅੱਤਲ ਕਰ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। "