Punjab News: ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਉਪਰ ਹਮਲੇ ਮਗਰੋਂ ਸਿਆਸੀ ਤੇ ਧਾਰਮਿਕ ਲੀਡਰਾਂ ਅੰਦਰ ਆਪਣੀ ਸੁਰੱਖਿਆ ਨੂੰ ਲੈ ਕੇ ਸਹਿਮ ਹੈ। ਦੂਜੇ ਪਾਸੇ ਸ਼੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਸੁਖਬੀਰ ਬਾਦਲ ਉਪਰ ਹੋਏ ਹਮਲੇ ਮਗਰੋਂ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਇਸ ਲਈ ਕਈ ਅਹਿਮ ਸ਼ਖਸੀਅਤਾਂ ਦੀ ਸੁਰੱਖਿਆ ਦਾ ਰਿਵਿਊ ਕੀਤਾ ਜਾ ਰਿਹਾ ਹੈ।
ਉਧਰ, ਸ਼ਹੀਦੀ ਹਫ਼ਤਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਸੁਰੱਖਿਆ ਵਿੱਚ ਅਚਨਚੇਤ ਵਾਧਾ ਕਰ ਦਿੱਤਾ ਗਿਆ ਹੈ। ਜਥੇਦਾਰ ਸੁਲਤਾਨ ਸਿੰਘ ਦੇ ਸੁਰੱਖਿਆ ਅਮਲੇ ਵਿੱਚ ਪਹਿਲਾਂ ਤਿੰਨ ਮੁਲਾਜ਼ਮ ਗਾਰਦ ਤੇ ਤਿੰਨ ਮੁਲਾਜ਼ਮ ਉਨ੍ਹਾਂ ਨਾਲ ਚੱਲਦੇ ਸਨ। ਇਸ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਪੰਜ ਮੁਲਾਜ਼ਮ ਵੱਖਰੇ ਸਨ। ਬੁੱਧਵਾਰ ਬਾਅਦ ਦੁਪਹਿਰ ਅਚਾਨਕ ਸਿੰਘ ਸਾਹਿਬ ਨੂੰ ਇੱਕ ਗੱਡੀ ਤੋਂ ਇਲਾਵਾ ਤਿੰਨ ਮੁਲਾਜ਼ਮ ਤੇ ਇੱਕ ਡਰਾਈਵਰ ਹੋਰ ਮੁਹੱਈਆ ਕਰਵਾ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਅਗਲੇ ਦਿਨਾਂ ਅੰਦਰ ਕਈ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਦੀ ਸੁਰੱਖਿਆ ਵਧਾਈ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਵੀ ਅਹਿਮ ਸ਼ਖਸੀਅਤਾਂ ਦੀ ਸੁਰੱਖਿਆ ਮਜਬੂਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਸ਼੍ਰੀ ਹਰਿਮੰਦਰ ਸਾਹਿਬ ਤੇ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ ਉਪਰ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੀ ਕਵਾਇਦ ਚੱਲ ਰਹੀ ਹੈ। ਇਸ ਲਈ ਪੂਰੀ ਪਲਾਨਿੰਗ ਚੱਲ ਰਹੀ ਹੈ।
ਦਰਅਸਲ ਧਾਰਮਿਕ ਸਥਾਨਾਂ ਉਪਰ ਕਿਸੇ ਵੀ ਧਾਰਮਿਕ ਜਾਂ ਸਿਆਸੀ ਸ਼ਖਸੀਅਤ ਨਾਲ ਲੋੜ ਤੋਂ ਜ਼ਿਆਦਾ ਜਾਂ ਫਿਰ ਵਰਦੀਧਾਰੀ ਸੁਰੱਖਿਆ ਮੁਲਾਜ਼ਮ ਨਹੀਂ ਚੱਲ ਸਕਦੇ। ਇਸ ਲਈ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਹੀ ਸੁਰੱਖਿਆ ਦਾ ਕੰਮ ਸੰਭਾਲਦੀ ਹੈ। ਧਾਰਮਿਕ ਜਾਂ ਸਿਆਸੀ ਸ਼ਖਸੀਅਤਾਂ ਵੀ ਗੁਰੂਘਰ ਅੰਦਰ ਜ਼ਿਆਦਾ ਸੁਰੱਖਿਆ ਨੂੰ ਤਵੱਜੋਂ ਨਹੀਂ ਦਿੰਦੇ ਪਰ ਸੁਖਬੀਰ ਬਾਦਲ ਉਪਰ ਹੋਏ ਹਮਲੇ ਨੇ ਨਵੇਂ ਸਿਰੇ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਦੱਸ ਦਈਏ ਕਿ ਸੁਖਬੀਰ ਬਾਦਲ ਉਪਰ ਲੰਘੇ ਦਿਨੀਂ ਉਸ ਵੇਲੇ ਫਾਇਰਿੰਗ ਕੀਤੀ ਗਈ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਪੂਰੀ ਕਰ ਰਹੇ ਸੀ। ਉਹ ਸ਼੍ਰੀ ਦਰਬਾਰ ਸਾਹਿਬ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਕਿ ਉਨ੍ਹਾਂ ਉਪਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਅਹਿਮ ਹੈ ਕਿ ਹਮਲਾ ਕਰਨ ਵਾਲਾ ਵੀ ਜਾਣਿਆ-ਪਛਾਣਿਆ ਪੰਥਕ ਆਗੂ ਨਰਾਇਣ ਸਿੰਘ ਚੌੜਾ ਹੀ ਸੀ।