ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਲੜਾਈ ਦੌਰਾਨ ਪੰਜਾਬ 'ਚ ਸਿਆਸਤ ਵੀ ਗਰਮਾਈ ਹੋਈ ਹੈ। ਮਈ ਦਿਵਸ ਤੋਂ ਠੀਕ ਪਹਿਲਾਂ, ਸੱਤਾਧਾਰੀ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਪੱਖਪਾਤ ਤੇ ਅਸਹਿਯੋਗ ਦਾ ਇਲਜ਼ਾਮ ਲਾਉਂਦਿਆਂ ਸ਼ੁੱਕਰਵਾਰ ਨੂੰ ਵਿਰੋਧ ਲਈ ਲੋਕਾਂ ਨੂੰ ਆਪਣੇ ਘਰਾਂ' ਤੇ ਤਿਰੰਗਾ ਲਹਿਰਾਉਣ ਦੀ ਮੰਗ ਕੀਤੀ ਹੈ।

ਕੇਂਦਰ ਸਰਕਾਰ ਵੱਲੋਂ ਰਾਜ ਦੀ ਕਾਂਗਰਸ ਸਰਕਾਰ 'ਤੇ ਭੇਜੀ ਗਈ ਸਮੱਗਰੀ ਨੂੰ ਨਾ ਵੰਡਣ ਦੇ ਇਲਜ਼ਾਮਾਂ ਤੇ ਭਾਜਪਾ ਨੇ 1 ਮਈ ਨੂੰ ਵਰਤ ਰੱਖਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸ਼ੁੱਕਰਵਾਰ ਨੂੰ ਰਾਜ ਸਰਕਾਰ ‘ਤੇ ਡਿਊਟੀ ਪੂਰੀ ਨਾ ਕਰਨ ਦਾ ਦੋਸ਼ ਲਾਉਂਦਿਆਂ ਕਾਲੀਆਂ ਪੱਟੀਆਂ ਬੰਨ੍ਹਣ ਦਾ ਐਲਾਨ ਕੀਤਾ ਹੈ।

ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਤਿੰਨ ਦਿਨ ਪਹਿਲਾਂ ਤਿਰੰਗਾ ਲਹਿਰਾਉਣ ਦੀ ਮੰਗ ਕੀਤੀ ਸੀ ਤੇ ਇਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਰਥਨ ਵੀ ਕੀਤਾ ਸੀ। ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਵਿਸ਼ੇਸ਼ ਪੈਕੇਜ ਦੇਣ ਦੀ ਬਜਾਏ ਕੇਂਦਰ ਸਰਕਾਰ ਰਾਜਾਂ ਦਾ ਪੈਸਾ ਵਾਪਸ ਨਹੀਂ ਕਰ ਰਹੀ।

ਦੂਜੇ ਪਾਸੇ, ਭਾਜਪਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਰਾਜ ਦੇ 1.40 ਕਰੋੜ ਲੋਕਾਂ ਨੂੰ ਕਣਕ ਤੇ ਦਾਲਾਂ ਮੁਹੱਈਆ ਕਰਵਾਈਆਂ, ਪਰ ਕੈਪਟਨ ਸਰਕਾਰ ਨੇ ਅਜੇ ਤੱਕ ਇਹ ਰਾਸ਼ਨ ਲੋਕਾਂ ਵਿੱਚ ਨਹੀਂ ਵੰਡਿਆ। ਕੇਂਦਰ ਨੇ 25 ਮਾਰਚ ਨੂੰ 40.42 ਕਰੋੜ ਤੇ 6 ਅਪ੍ਰੈਲ ਨੂੰ 71.87 ਕਰੋੜ ਰੁਪਏ ਜਾਰੀ ਕੀਤੇ ਹਨ। ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੁੱਲ 112.69 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਇਸੇ ਦੌਰਾਨ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੋਰੋਨਾ ਖਿਲਾਫ ਲੜਾਈ ਇੱਕੋ ਹੈ, ਪਰ ਕੈਪਟਨ ਸਰਕਾਰ ਪੱਖਪਾਤ ਕਰ ਰਹੀ ਹੈ। ਸਰਕਾਰ ਨੇ ਮੱਧ ਪ੍ਰਦੇਸ਼ 'ਚ ਬੱਸ ਚਾਲਕ ਮਨਜੀਤ ਸਿੰਘ ਦੀ ਮੌਤ 'ਤੇ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਲਿਆਉਣ 'ਤੇ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਮਨਜੀਤ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਪਾਰਟੀ ਨੇਤਾ ਅਜਿਹਾ ਨਾ ਕਰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਕਾਲੀਆਂ ਪੱਟੀਆਂ ਬੰਨ੍ਹਣਗੇ।