ਚੰਡੀਗੜ੍ਹ: ਪੰਜਾਬ ਦੇ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਰਵਾਇਤੀ ਪਾਰਟੀਆਂ ਦੀ ਟੱਕਰ ਲਈ ਨਵਾਂ ਸਿਆਸੀ ਫਰੰਟ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫਰੰਟ ਵਿੱਚ ਪੰਜਾਬ ਦੀ ਸੱਤਾਧਿਰ ਕਾਂਗਰਸ, ਕੇਂਦਰ 'ਚ ਸੱਤਾਧਿਰ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵਿਰੋਧੀ ਧਿਰਾਂ ਅਹਿਮ ਰੋਲ ਨਿਭਾਅ ਸਕਦੀਆਂ ਹਨ।

ਹਾਲ ਦੀ ਘੜੀ ਇਸ ਦੇ ਸੰਕੇਤ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਤੇ ਬਸਪਾ ਦੇ ਏਕੇ ਦੀ ਚਰਚਾ ਤੋਂ ਮਿਲ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਧ ਲਾਹਾ ਆਮ ਆਦਮੀ ਪਾਰਟੀ ਨੂੰ ਹੀ ਮਿਲਦਾ ਨਜ਼ਰ ਆ ਰਿਹਾ ਹੈ। ਇਸ ਲਈ ਹੋਰ ਸਿਆਸੀ ਧਿਰਾਂ ਵੀ ਇਸ ਦਾ ਫਾਇਦਾ ਲੈ ਕੇ ਪੰਜਾਬ ਵਿੱਚ ਨਵੀਂ ਧਿਰ ਉਸਾਰਨਾ ਚਾਹੁੰਦੀਆਂ ਹਨ।

ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਦੋ ਰਾਜ ਸਭਾ ਮੈਂਬਰਾਂ ਨੇ ਅਹਿਮ ਮੀਟਿੰਗ ਕੀਤੀ ਹੈ। ਢੀਂਡਸਾ ਨੇ ਖੁਦ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇਸ ਨੂੰ ਹੀ ਪੰਜਾਬ ਵਿੱਚ ਤੀਜੇ ਬਦਲ ਦਾ ਮੁੱਢ ਸਮਝਿਆ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਹੋਰ ਧਿਰਾਂ ਨੂੰ ਵੀ ਇਸ ਮੰਚ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਢੀਂਡਸਾ ਦਾ ਕਹਿਣਾ ਹੈ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਹੋਰ ਕਿਸੇ ਵੀ ਹਮਖਿਆਲੀ ਪਾਰਟੀ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। ਇਸ ਵਿੱਚ ਹੋਰ ਪੰਥਕ ਧਿਰਾਂ ਵੀ ਸ਼ਾਮਲ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਬਸਪਾ ਇਸ ਫਰੰਟ ਦਾ ਹਿੱਸਾ ਬਣ ਸਕਦੀ ਹੈ।

ਦਰਅਸਲ ਕਿਸਾਨੀ ਅੰਦੋਲਨ ਕਾਰਨ ਪੰਜਾਬ ਦੇ ਨੌਜਵਾਨਾਂ ਅੰਦਰ ਨਵੀਂ ਚੇਤਨਾ ਪੈਦਾ ਹੋ ਰਹੀ ਹੈ। ਅਜਿਹੇ ਵਿੱਚ ਨਵੇਂ ਸਿਆਸੀ ਮੰਚ ਦੀ ਚਰਚਾ ਵੀ ਸ਼ੁਰੂ ਹੋਈ ਹੈ। ਇਸ ਵੇਲੇ ਨੌਜਵਾਨੀ ਨੂੰ ਨਾਲ ਲੈ ਕੇ ਚੱਲਣ ਵਾਲਾ ਕੋਈ ਮੰਚ ਦਿਖਾਈ ਨਹੀਂ ਦੇ ਰਿਹਾ। ਪੰਥਕ ਧਿਰਾਂ ਵਿੱਚੋਂ ਕਿਸਾਨ ਅੰਦੋਲਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਰ੍ਹਾਂ ਨਾਲ ਹਾਸ਼ੀਏ ’ਤੇ ਧੱਕ ਦਿੱਤਾ ਹੈ। ਬੀਜੇਪੀ ਪ੍ਰਤੀ ਲੋਕਾਂ ਵਿੱਚ ਵੱਡਾ ਰੋਸ ਹੈ। ਪੰਜਾਬ ਦੀ ਸੱਤਾਧਿਰ ਕਾਂਗਰਸ ਤੋਂ ਵੀ ਨੌਜਵਾਨ ਖੁਸ਼ ਨਹੀਂ। ਅਜਿਹੇ ਵਿੱਚ ਨਵੀਂ ਸਿਆਸੀ ਧਿਰ ਦੀ ਤਲਾਸ਼ ਹੈ।

ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਵਿੱਚ ਉਸ ਨੂੰ ਕਾਫੀ ਲਾਹਾ ਮਿਲਿਆ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਜਿਸ ਤਰੀਕੇ ਨਾਲ ਮੋਦੀ ਸਰਕਾਰ ਤੋਂ ਬਾਗੀ ਹੋ ਕੇ ਕਿਸਾਨਾਂ ਦਾ ਪੱਖ ਪੂਰਿਆ, ਉਸ ਨੇ ਪੰਜਾਬੀਆਂ ਦੇ ਦਿਲਾਂ ਉੱਪਰ ਚੰਗੀ ਛਾਪ ਛੱਡੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਵੇਲੇ ਪੰਜਾਬ ਵਿੱਚ ਖਿੰਡੀ ਹੋਈ ਆਮ ਆਦਮੀ ਪਾਰਟੀ ਮੁੜ ਉੱਭਰ ਸਕਦੀ ਹੈ।