ਚੰਡੀਗੜ੍ਹ: ਚੋਣਾਂ ਦੇ ਮਾਹੌਲ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਦਾ ਮਾਮਲਾ ਉਠਾਇਆ ਹੈ। ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਦੂਸ਼ਿਤ ਕੀਤੇ ਜਾ ਰਹੇ ਪਾਣੀ ਬਾਰੇ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਨਾ ਸਿਰਫ ਪੰਜਾਬ ਤੇ ਰਾਜਸਥਾਨ ਦੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੁੜਿਆ ਹੈ, ਸਗੋਂ ਕਰੋੜਾਂ-ਅਰਬਾਂ ਜਲ-ਜੀਵਾਂ ਦੀ ਹੋਂਦ ਦਾ ਵੀ ਸਵਾਲ ਹੈ।




ਭਗਵੰਤ ਮਾਨ ਨੇ ਕਿਹਾ ਕਿ 'ਆਪ' ਪਿਛਲੇ ਲੰਮੇ ਸਮੇਂ ਤੋਂ ਸਤਲੁਜ, ਬਿਆਸ, ਰਾਵੀ, ਘੱਗਰ, ਬੁੱਢਾ ਨਾਲਾ ਤੇ ਵੇਈਂ ਵਰਗੇ ਕੁਦਰਤੀ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਦਾ ਮੁੱਦਾ ਉਠਾਉਂਦੀ ਆ ਰਹੀ ਹੈ, ਪਰ ਨਾ ਕੇਂਦਰ ਦੀ ਮੋਦੀ ਸਰਕਾਰ ਤੇ ਨਾ ਹੀ ਕੈਪਟਨ ਸਰਕਾਰ ਨੇ ਇਸ ਦੇ ਹੱਲ ਲਈ ਕੋਈ ਕਦਮ ਚੁੱਕਿਆ। ਇੱਥੋਂ ਤੱਕ ਕਿ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਤੇ ਹੋਰ ਧਾਰਮਿਕ-ਸਮਾਜਿਕ ਸੰਗਠਨਾਂ ਵੱਲੋਂ ਪੌਣ-ਪਾਣੀ ਦੇ ਕੁਦਰਤੀ ਵਸੀਲੇ ਬਚਾਉਣ ਲਈ ਕੀਤੀ ਜਾ ਰਹੀ ਜੱਦੋਜਹਿਦ ਦੀ ਵੀ ਕੈਪਟਨ ਸਰਕਾਰ ਨੇ ਉਸੇ ਤਰ੍ਹਾਂ ਪ੍ਰਵਾਹ ਨਹੀਂ ਕੀਤੀ ਜਿਵੇਂ ਪਹਿਲਾਂ ਬਾਦਲ ਸਰਕਾਰ ਨਹੀਂ ਕਰਦੀ ਸੀ।

ਭਗਵੰਤ ਮਾਨ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਟੀਮ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਦੇ ਬੁੱਢੇ ਨਾਲੇ ਦਾ ਦੌਰਾ ਕਰਨ ਉਪਰੰਤ ਅਫ਼ਸੋਸ ਜਤਾਇਆ ਗਿਆ ਹੈ ਕਿ ਬੁੱਢੇ ਨਾਲੇ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ। ਐਨਜੀਟੀ ਕਮੇਟੀ ਦੇ ਮੁਖੀ ਜਸਟਿਸ (ਰਿਟਾ.) ਪ੍ਰੀਤਮ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਤਾੜਨਾ ਕਰਨੀ ਪਈ ਕਿ ਜੇਕਰ ਬੁੱਢਾ ਨਾਲਾ ਦੇ ਹਾਲਾਤ ਸੁਧਾਰਨ ਲਈ ਕੋਈ ਕਦਮ ਨਾ ਚੁੱਕਿਆ ਤਾਂ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਭਗਵੰਤ ਮਾਨ ਨੇ ਐਨਜੀਟੀ ਪੈਨਲ ਵੱਲੋਂ ਦਿਖਾਏ ਗਏ ਸਖ਼ਤ ਮਿਜ਼ਾਜ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਫ਼ਸਰਾਂ-ਅਧਿਕਾਰੀਆਂ ਨਾਲੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਮੁੱਖ ਸਕੱਤਰ ਪੰਜਾਬ, ਸਬੰਧਤ ਮੰਤਰੀ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਵੀ ਪਾਰਟੀ ਬਣਾਇਆ ਜਾਵੇ, ਕਿਉਂਕਿ ਇਹ ਆਪਣੀਆਂ ਨਿੱਜੀ ਮੌਜ ਮਸਤੀਆਂ ਕਾਰਨ ਸੂਬੇ ਦੇ ਲੋਕਾਂ ਵੱਲੋਂ ਸੌਂਪੀ ਗਈ ਸੰਵਿਧਾਨਕ ਡਿਊਟੀ ਨਿਭਾਉਣ ਤੋਂ ਅਸਫਲ ਸਾਬਤ ਹੋਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਚਰਮ ਸੀਮਾ 'ਤੇ ਪਹੁੰਚ ਗਈ ਹੈ। ਪਿਛਲੇ 10 ਦਿਨਾਂ ਤੋਂ ਸਰਹਿੰਦ ਤੇ ਰਾਜਸਥਾਨ ਫੀਡਰ ਨਹਿਰਾਂ 'ਚ ਵਗਦੇ ਕਾਲੇ ਰੰਗ ਦੇ ਪਾਣੀ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਲੱਖਾਂ ਦੀ ਗਿਣਤੀ 'ਚ ਮੱਛੀਆਂ ਤੇ ਹੋਰ ਜਲ-ਜੀਵ-ਜੰਤੂ ਮਰ ਰਹੇ ਹਨ। ਜਲੰਧਰ, ਸੰਗਰੂਰ, ਕਪੂਰਥਲਾ, ਲੁਧਿਆਣਾ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ ਤੇ ਫਾਜ਼ਿਲਕਾ ਜ਼ਿਲ੍ਹਿਆਂ 'ਚ ਪ੍ਰਦੂਸ਼ਿਤ ਪਾਣੀ ਕਾਰਨ ਕੈਂਸਰ, ਕਾਲਾ ਪੀਲੀਆ ਤੇ ਹੋਰ ਜਾਨਲੇਵਾ ਬਿਮਾਰੀਆਂ ਨੇ ਪ੍ਰਕੋਪ ਮਚਾ ਰੱਖਿਆ ਹੈ।