ਬਰਨਾਲਾ: ਸੰਗਰੂਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਇਸ ਵਾਰ ਸਭ ਤੋਂ ਵੱਧ ਉਤਸ਼ਾਹ ਆਮ ਆਦਮੀ ਪਾਰਟੀ ਵਿੱਚ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ।



ਇਸ ਸਬੰਧੀ ਪਹਿਲਾਂ ਸੰਗਰੂਰ ਵਿੱਚ ਪੋਸਟਰ ਲਾ ਕੇ ਮਨਪ੍ਰੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਗਈ ਸੀ। ਹੁਣ ਸੰਗਰੂਰ ਤੋਂ ਬਾਅਦ ਬਰਨਾਲਾ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਦਰਸਾਉਂਦੇ ਪੋਸਟਰ ਲਾਏ ਗਏ ਹਨ। ਬਰਨਾਲਾ ਵਿੱਚ ਮੋਗਾ ਰੋਡ ’ਤੇ ਜੇਲ੍ਹ ਦੇ ਸਾਹਮਣੇ ਓਵਰਬ੍ਰਿਜ ’ਤੇ ਸੈਂਕੜੇ ਪੋਸਟਰ ਲਾਏ ਗਏ ਹਨ।


ਕੀ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਹੋਵੇਗੀ ਸੰਗਰੂਰ ਤੋਂ ਆਪ ਉਮੀਦਵਾਰ ? ਸੰਗਰੂਰ -ਬਰਨਾਲਾ ਸ਼ਹਿਰ ਵਿੱਚ ਲੱਗੇ ਪੋਸਟਰਾਂ ਨਾਲ ਨਵੀਂ ਚਰਚਾ ਛਿੜੀ ਹੈ। ਪੋਸਟਰਾਂ ਤੇ ਲਿਖਿਆ ਹੋਇਆ- ਸਾਡੀ ਭੈਣ ਬਣੇਗੀ MP। ਇਸ ਪੋਸਟ 'ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੀ ਫੋਟੋ ਲੱਗੀ ਹੋਈ ਹੈ।

ਦੱਸ ਦੇਈਏ ਕਿ ਸੰਗਰੂਰ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਮਾਨ ਆਮ ਆਦਮੀ ਪਾਰਟੀ ਤੋਂ ਚੋਣ ਲੜ ਸਕਦੀ ਹੈ ਪਰ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਸੰਗਰੂਰ ਦੇ ਬਰਨਾਲਾ ਚੌਂਕਾਂ ਵਿੱਚ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ।

 

ਦੱਸ ਦੇਈਏ ਕਿ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 23 ਜੂਨ ਨੂੰ ਹੈ। ਆਮ ਆਦਮੀ ਪਾਰਟੀ (ਆਪ) ਲਈ ਇਹ ਉਪ ਚੋਣ ਕਈ ਮਾਇਨਿਆਂ ਤੋਂ ਅਹਿਮ ਹੈ। ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਇਹ ਪਹਿਲੀ ਚੋਣ ਲੜਾਈ ਹੋਵੇਗੀ।  ਧੂਰੀ ਵਿਧਾਨ ਸਭਾ ਹਲਕੇ ਤੋਂ ਚੁਣੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸਨ। ਮਾਨ ਲੋਕ ਸਭਾ 'ਚ 'ਆਪ' ਦੀ ਤਰਫੋਂ ਇਕਲੌਤੇ ਸੰਸਦ ਮੈਂਬਰ ਸਨ, ਇਸ ਲਈ ਇਸ ਜ਼ਿਮਨੀ ਚੋਣ ਦੀ ਅਹਿਮੀਅਤ ਨੂੰ ਸਮਝਿਆ ਜਾ ਸਕਦਾ ਹੈ।

 

ਸੰਗਰੂਰ ਲੋਕ ਸਭਾ ਸੀਟ 'ਆਪ' ਦਾ ਗੜ੍ਹ ਮੰਨੀ ਜਾਂਦੀ ਹੈ। ਇਸ ਸੀਟ ਤੋਂ ਭਗਵੰਤ ਮਾਨ ਦੋ ਵਾਰ ਲੋਕ ਸਭਾ ਲਈ ਚੁਣੇ ਗਏ ਸਨ। ਦੋਵੇਂ ਵਾਰ ਉਹ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਖੇਤਰ ਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਮਾਨ ਦੀ ਭੈਣ ਮਨਪ੍ਰੀਤ ਕੌਰ ਟਿਕਟ ਦੀ ਮਜ਼ਬੂਤ ​​ਦਾਅਵੇਦਾਰ ਹੈ।