ਜਲੰਧਰ: ਜਲੰਧਰ ਦੇ ਫਿਲੌਰ ਇਲਾਕੇ ਦੇ ਗੰਨਾ ਪਿੰਡ 'ਚ ਅੱਜ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਜਲੰਧਰ ਦਿਹਾਤੀ ਦੇ SSP ਸਵਪਨ ਸ਼ਰਮਾ ਨੇ ਕੀਤੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਨਸ਼ਾ ਵਿਕਦਾ ਹੈ ਜਿਸ ਮਗਰੋਂ ਪੁਲਿਸ ਨੇ ਇੱਥੇ ਛਾਪਾ ਮਾਰਿਆ।



ਜ਼ਿਕਰਯੋਗ ਹੈ ਕਿ ਇਹ ਉਹੀ ਪਿੰਡ ਹੈ ਜਿਸ ਨੂੰ ਜਲੰਧਰ ਦੇ ਕਾਂਗਰਸੀ ਸਾਂਸਦ ਚੌਧਰੀ ਸੰਤੋਖ ਸਿੰਘ ਨੇ ਗੋਦ ਲਿਆ ਸੀ ਪਰ ਬਜਾਏ ਇਸ ਦੇ ਕੇ ਪਿੰਡ ਦੀ ਨੁਹਾਰ ਨੂੰ ਬਦਲਿਆ ਜਾਂਦਾ ਕਰੀਬ ਅੱਧਾ ਪਿੰਡ ਨਸ਼ੇ ਦਾ ਸ਼ਿਕਾਰ ਹੋ ਗਿਆ। ਇਸ ਦਾ ਤਾਜ਼ਾ ਸਬੂਤ ਹੈ ਜਲੰਧਰ ਦੇ ਫਿਲੌਰ ਥਾਣੇ ਵਿੱਚ ਇਸ ਪਿੰਡ ਦੀਆਂ ਕਈ ਮਹਿਲਾਵਾਂ ਤੇ ਪੁਰਸ਼ਾਂ ਖਿਲਾਫ ਪੁਲਿਸ ਵੱਲੋਂ NDPS ਦੇ ਦਰਜ ਮਾਮਲੇ ਤੇ ਗ੍ਰਿਫ਼ਤਾਰੀਆਂ।

ਪਿਛਲੇ ਕੁਝ ਹੀ ਦਿਨਾਂ 'ਚ ਜਲੰਧਰ ਦੇ ਇਸ ਪਿੰਡ ਵਿੱਚੋਂ ਪੁਲਿਸ ਨੇ ਕਈ ਮਹਿਲਾਵਾਂ ਤੇ ਪੁਰਸ਼ਾਂ ਨੂੰ ਨਸ਼ੇ ਦਾ ਕਾਰੋਬਾਰ ਕਰਨ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਐਸਐਸਪੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਇਹ ਛਾਪਾ ਮਾਰਿਆ ਗਿਆ ਤੇ ਉਮੀਦ ਹੈ ਕਿ ਇਸ ਦਾ ਕੋਈ ਵੱਡਾ ਨਤੀਜਾ ਨਿਕਲੇਗਾ।

ਇਸ ਛਾਪੇਮਾਰੀ ਬਾਰੇ ਜਲੰਧਰ ਦੇ SSP ਸਵਪਨ ਸ਼ਰਮਾ ਨੇ ਕਿਹਾ ਕਿ ਇਕੱਲੇ ਜਲੰਧਰ ਦੇ ਫਿਲੌਰ ਇਲਾਕੇ ਦੇ ਗੰਨਾ ਪਿੰਡ 'ਚ ਹੀ 300 ਤੋਂ ਜ਼ਿਆਦਾ NDPS ਐਕਟ ਦੇ ਮਾਮਲੇ ਦਰਜ ਹਨ। ਆਏ ਦਿਨ ਇਸ ਪਿੰਡ ਦੇ ਲੋਕਾਂ ਵੱਲੋਂ ਇਹ ਸ਼ਿਕਾਇਤ ਵੀ ਮਿਲਦੀ ਸੀ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਪੂਰੇ ਜ਼ੋਰਾਂ 'ਤੇ ਹੈ। ਇਸੇ ਦੇ ਚਲਦੇ ਅੱਜ ਜਲੰਧਰ ਦਿਹਾਤੀ ਪੁਲਿਸ ਨੇ STF ਨਾਲ ਮਿਲ ਕੇ ਕਰੀਬ 600 ਮੁਲਾਜ਼ਮਾਂ ਸਣੇ ਇਸ ਰੇਡ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਰੇਡ ਦੌਰਾਨ ਕਰੀਬ 26 ਘਰਾਂ ਨੂੰ ਅਣਡਿੱਠਾ ਕੀਤਾ ਗਿਆ ਸੀ ਅਤੇ ਅੱਜ ਦੀ ਇਸ ਛਾਪੇਮਾਰੀ ਤੋਂ ਬਾਅਦ ਅਲੱਗ-ਅਲੱਗ ਲੋਕਾਂ 'ਤੇ 11 ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਕੋਲੋਂ ਨਸ਼ਾ ਤੇ ਡਰੱਗ ਮਨੀ ਬਰਾਮਦ ਹੋਈ ਹੈ।