ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਛਿੜੀ ਜੰਗ ਦਾ ਖਮਿਆਜ਼ਾ ਬਿਜਲੀ ਮਹਿਕਮੇ ਨੂੰ ਭੁਗਤਣਾ ਪੈ ਰਿਹਾ ਹੈ। ਸਿੱਧੂ ਦੀ ਖ਼ਾਮੋਸ਼ੀ ਤੇ ਕੰਮਕਾਜ ਤੋਂ ਦੂਰੀ ਕਾਇਮ ਹੈ। ਸਿੱਧੂ ਨੇ ਆਪਣਾ ਵਿਭਾਗ ਬਦਲਣ ਨੂੰ ਅਣਖ ਦਾ ਸਵਾਲ ਬਣਾ ਲਿਆ ਹੈ ਤੇ ਹਾਲੇ ਤਕ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ। ਇਸ ਨਾਲ ਬਿਜਲੀ ਵਿਭਾਗ ਡਾਵਾਂਡੋਲ ਹੈ ਤੇ ਉਸ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਵਿਭਾਗ ਦੇ ਅਫ਼ਸਰ ਵੀ ਦੁਬਿਧਾ ਵਿੱਚ ਹਨ ਕਿ ਫਾਈਲਾਂ ਕਿਸ ਨੂੰ ਭੇਜੀਏ?


ਇਸ ਸਮੇਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਏ ਵੇਣੂਪ੍ਰਸਾਦ ਵੀ ਮੰਗਲਵਾਰ ਤੋਂ ਟ੍ਰੇਨਿੰਗ 'ਤੇ ਚਲੇ ਗਏ ਹਨ। ਉਨ੍ਹਾਂ ਦਾ ਚਾਰਜ ਐਮਪੀ ਸਿੰਘ ਨੂੰ ਸੌਂਪਿਆ ਗਿਆ ਹੈ। ਉੱਧਰ ਪਾਵਰਕਾਮ ਵਿਭਾਗ ਸਬਸਿਡੀ ਨਾ ਮਿਲਣ ਕਰਕੇ ਵਿੱਤ ਵਿਭਾਗ ਨਾਲ ਤੂੰ-ਤੂੰ ਮੈਂ-ਮੈਂ ਕਰ ਰਿਹਾ ਹੈ। ਬਿਜਲੀ ਵਿਭਾਗ ਦੀ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਅਫ਼ਸਰਾਂ ਨੂੰ ਪਤਾ ਨਹੀਂ ਚੱਲ ਰਿਹਾ ਕਿ ਕੌਣ ਉਨ੍ਹਾਂ ਦਾ ਕੇਸ ਵਿੱਤ ਵਿਭਾਗ ਕੋਲ ਲੈ ਕੇ ਜਾਏ।

ਹਾਸਲ ਜਾਣਕਾਰੀ ਮੁਤਾਬਕ ਬਿਜਲੀ ਮਹਿਕਮੇ ਦੀ ਪਿਛਲੇ ਸਾਲ ਦੀ 4400 ਕਰੋੜ ਰੁਪਏ ਦੀ ਸਬਸਿਡੀ ਪਹਿਲਾਂ ਹੀ ਬਕਾਇਆ ਹੈ। ਹੁਣ ਪਹਿਲੀ ਤਿਮਾਹੀ ਦੇ ਵੀ ਸਿਰਫ 300 ਕਰੋੜ ਰੁਪਏ ਹੀ ਮਿਲੇ ਹਨ। ਕਈ ਅਹਿਮ ਪ੍ਰੋਜੈਕਟ ਵੀ ਬਕਾਇਆ ਹਨ। ਵਿਭਾਗੀ ਮੰਤਰੀ ਨਾ ਹੋਣ ਕਰਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਾਂ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਬਤ ਗੱਲ ਕਰਨ ਵਾਲਾ ਕੋਈ ਨਹੀਂ। ਅਫ਼ਸਰ ਖ਼ੁਦ ਸਬਸਿਡੀ ਦੀਆਂ ਫਾਈਲਾਂ ਵਿੱਤ ਵਿਭਾਗ ਕੋਲ ਲੈ ਕੇ ਜਾ ਰਹੇ ਹਨ।

ਉੱਧਰ ਨਵਜੋਤ ਸਿੱਧੂ ਨੇ ਫਿਲਹਾਲ ਕਿਸੇ ਫਾਈਲ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ ਸੀਐਮਓ ਦੇ ਸੂਤਰਾਂ ਨੇ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੱਧੂ ਨੂੰ ਹੁਣ ਕੋਈ ਮਹਿਕਮਾ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਇਸ ਗੱਲ ਦੇ ਵੀ ਸੰਕੇਤ ਦਿੱਤੇ ਹਨ ਕਿ ਜੇ ਮੰਤਰੀ ਪੱਧਰ 'ਤੇ ਕੋਈ ਫਾਈਲ ਲਮਕੀ ਤਾਂ ਉਨ੍ਹਾਂ ਨੂੰ ਭੇਜ ਦਿੱਤੀ ਜਾਏ।