ਚੰਡੀਗੜ੍ਹ: ਕੜਾਕੇ ਦੀ ਠੰਢ ਦੇ ਬਾਵਜੂਦ ਬਜਟ ਇਜਲਾਸ 'ਚ ਹੋਣ ਵਾਲੇ ਹੰਗਾਮਿਆਂ ਨੇ ਪੰਜਾਬ ਵਿਧਾਨ ਸਭਾ ਦਾ ਤਾਪਮਾਨ ਵਧਾਇਆ ਹੋਇਆ ਹੈ। ਅੱਜ ਇੱਥੇ ਕੁਝ ਅਜਿਹਾ ਵਾਪਰਿਆ ਕਿ ਸਾਰੇ ਸਦਨ ਨੂੰ ਬਿਜਲੀ ਦੇ ਝਟਕੇ ਹੀ ਲੱਗ ਗਏ। ਝਟਕਾ ਦੇਣ ਵਾਲੇ ਮੰਤਰੀ ਖ਼ੁਦ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਸਨ, ਜਿਨ੍ਹਾਂ ਦੇ ਬਿਆਨ ਨੇ ਵਿਧਾਇਕਾਂ ਦੇ ਰੌਲ਼ੇ-ਰੱਪੇ ਨੂੰ ਮਿੰਟ 'ਚ ਸ਼ਾਂਤ ਕਰ ਦਿੱਤਾ।


ਦਰਅਸਲ, ਅੱਜ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਅਕਾਲੀ ਨੇਤਾ ਐਨਕੇ ਸ਼ਰਮਾ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਮੰਗ ਰੱਖੀ। ਹਾਲਾਂਕਿ, ਉਨ੍ਹਾਂ ਦੀ ਮੰਗ ਨੂੰ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮੁਹਿੰਦਰਾ ਨੇ ਸਮਰਥਨ ਦੇ ਕੇ ਸਪੀਕਰ ਤੋਂ ਜਾਂਚ ਕਰਵਾਉਣ ਦੀ ਪ੍ਰਵਾਨਗੀ ਲੈ ਲਈ, ਪਰ ਸ਼ਰਮਾ ਪ੍ਰਤੀ ਨਾਗਰਾ ਦਾ ਬੋਲਣ ਦਾ ਲਹਿਜ਼ਾ ਨਿੱਜੀ ਹੋ ਗਿਆ। ਉਨ੍ਹਾਂ ਵਿਧਾਇਕ ਸ਼ਰਮਾ ਦੇ 'ਅੰਧਵਿਸ਼ਵਾਸ' ਵਿੱਚ ਗ੍ਰਸਤ ਹੋਣ ਦਾ ਮਖੌਲ ਉਡਾਇਆ। ਸ਼ਰਮਾ ਨੇ ਵੀ ਇਸ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਨੂੰ ਉਨ੍ਹਾਂ ਦੀ ਧਾਰਮਿਕ ਆਸਥਾ ਬਾਰੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ।

ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਦਲਿਤਾਂ ਤੇ ਹੋਰਾਂ ਵਾਸਤੇ ਵੱਖ-ਵੱਖ ਸਿਵਿਆਂ ਦੀ ਮੰਗ ਰੱਖ ਦਿੱਤੀ, ਜਿਸ ਨੂੰ ਰਾਜਾ ਵੜਿੰਗ ਨੇ ਸਮਾਜ 'ਚ ਜਾਤ-ਪਾਤ ਦਾ ਪਾੜਾ ਵਧਾਉਣ ਵਾਲੀ ਮੰਗ ਦੱਸਦਿਆਂ ਅਯੋਗ ਕਰਾਰ ਦੇ ਦਿੱਤਾ। ਇਸੇ ਰੌਲੇ ਗੌਲੇ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਉੱਠਦੇ ਹਨ ਤੇ ਆਪਣੇ ਸਾਥੀ ਮੰਤਰੀ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਮੰਗ ਰੱਖ ਕੇ ਸਾਰਿਆਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ।

ਗੁਰਪ੍ਰੀਤ ਸਿੰਘ ਕਾਂਗੜ ਸਦਨ ਵਿੱਚ ਉੱਠਦੇ ਤੇ ਕਹਿੰਦੇ ਹਨ ਕਿ ਕੁਲਜੀਤ ਨਾਗਰਾ ਤੇ ਸ਼ਰਮਾ ਦੀ ਜਾਂਚ ਨੂੰ ਪਾਸੇ ਰੱਖਿਆ ਜਾਵੇ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਾਂਗੜ ਦੀ ਮੰਗ ਸੁਣ ਸਾਰੇ ਹੈਰਾਨ-ਪ੍ਰੇਸ਼ਾਨ ਹੋ ਗਏ। ਮਾਮਲਾ ਨਾ ਵਿਗੜੇ ਇਸ ਲਈ ਸਪੀਕਰ ਰਾਣਾ ਕੇਪੀ ਸਿੰਘ ਨੇ ਦਾਖਾ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫ਼ੇ ਬਾਰੇ ਸਫਾਈ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਫੂਲਕਾ ਨੂੰ 20 ਫਰਵਰੀ ਨੂੰ ਸਹੀ ਤਰੀਕੇ ਨਾਲ ਆਪਣਾ ਅਸਤੀਫ਼ਾ ਪੇਸ਼ ਕਰਨ ਲਈ ਕਿਹਾ ਹੈ।