ਪਟਿਆਲਾ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ-ਸੰਗਰੂਰ-ਪਟਿਆਲਾ-ਖੰਨਾ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਬੱਸ ਅੱਡਾ ਜਾਮ ਕੀਤਾ ਗਿਆ।


ਸਰਕਲ ਪ੍ਰਧਾਨਾਂ ਨੇ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਨੇ ਚਾਰੋਂ ਸਰਕਲਾਂ ਅੰਦਰ ਇੱਕ ਨਵੰਬਰ ਤੋਂ ਵਰਕ ਆਰਡਰ ਜਾਰੀ ਨਹੀਂ ਕੀਤੇ। ਜਿੱਥੇ ਕਿ ਸੀਐਚਬੀ ਠੇਕਾ ਕਾਮਿਆਂ ਦੇ ਰੁਜ਼ਗਾਰ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ, ਉਨ੍ਹਾਂ ਦੱਸਿਆ ਕਿ ਪਾਵਰਕਾਮ ਸੀਐਚ ਵੀ ਠੇਕਾ ਕਾਮਿਆਂ ਨੂੰ ਨਿੱਜੀਕਰਨ ਦੇ ਹੱਲੇ ਤਹਿਤ ਭਰਤੀ ਕੀਤਾ ਗਿਆ ਪਰ ਉਨ੍ਹਾਂ ਕੋਲੋਂ ਅੱਠ ਘੰਟੇ ਦੀ ਬਜਾਏ ਬਾਰਾਂ ਬਾਰਾਂ ਘੰਟੇ ਕੰਮ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਬਿਜਲੀ ਦਾ ਕੰਮ ਖ਼ਤਰਨਾਕ ਹੋਣ ਕਰਕੇ ਕਈ ਕਾਮੇ ਮੌਤ ਦੇ ਮੂੰਹ ਤੇ ਕਈ ਅਪੰਗ ਹੋ ਗਏ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਨਾ ਹੀ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ, "ਅੱਜ ਪੰਜਾਬ ਸਰਕਾਰ ਤੇ ਪਾਵਰਕੌਮ ਦੀ ਮੈਨੇਜਮੈਂਟ ਨੇ ਵਰਕ ਆਰਡਰ ਜਾਰੀ ਨਾ ਕਰ ਸੀਐਚ ਵੀ ਠੇਕਾ ਕਾਮਿਆਂ ਦੇ ਰੁਜ਼ਗਾਰ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ।"

ਉਨ੍ਹਾਂ ਮੰਗ ਕੀਤੀ ਕਿ ਸੀਐਚਬੀ ਠੇਕਾ ਕਾਮਿਆਂ ਨੂੰ ਵਿਭਾਗ 'ਚ ਸਿੱਧਾ ਰੈਗੂਲਰ ਕੀਤਾ ਜਾਵੇ। ਠੇਕਾ ਕਾਮਿਆਂ ਦੀਆਂ ਛਾਂਟੀਆਂ ਪੱਕੇ ਤੌਰ ਤੇ ਰੱਦ ਕੀਤੀਆਂ ਜਾਣ ਅਤੇ ਕੱਢੇ ਕਾਮੇ ਬਹਾਲ ਕੀਤੇ ਜਾਣ। ਉਨ੍ਹਾਂ ਸਤੰਬਰ ਮਹੀਨੇ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੇ ਜਾਣ ਦੀ ਵੀ ਮੰਗ ਰੱਖੀ।