ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮੁਲਾਕਾਤ ਦਾ ਸਮਾਂ ਨਾ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਕੈਪਟਨ ਨੇ ਅੱਜ ਵਿਧਾਇਕਾਂ ਨੂੰ ਲੈ ਕੇ ਦਿੱਲੀ 'ਤੇ ਧਾਵਾ ਬੋਲਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਿਧਾਇਕਾਂ ਸਣੇ ਭਲਕੇ ਰਾਜਘਾਟ ਵਿਖੇ ਧਰਨਾ ਦੇਣਗੇ।

ਦਰਅਸਲ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਨੂੰ ਪੰਜਾਬ 'ਚ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਦੇ ਰਾਸ਼ਟਰਪਤੀ ਨਾਲ ਮੀਟਿੰਗ ਲਈ ਸਮਾਂ ਮੰਗਿਆ ਗਿਆ ਸੀ ਪਰ ਜਵਾਬ 'ਚ ਮਹਿਜ਼ ਕੋਰੀ ਨਾਂਹ ਮਿਲੀ ਹੈ। ਹੁਣ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਹੈ।

ਕੈਪਟਨ ਨੇ ਐਲਾਨ ਕੀਤਾ ਕਿ ਉਹ ਰਾਜ ਦੀ ਬਿਜਲੀ ਸੰਕਟ ਤੇ ਸਪਲਾਈ ਦੀ ਨਾਜ਼ੁਕ ਸਥਿਤੀ ਨੂੰ ਉਜਾਗਰ ਕਰਨ ਲਈ ਭਲਕੇ ਦਿੱਲੀ ਦੇ ਰਾਜਘਾਟ ਵਿਖੇ ਵਿਧਾਇਕਾਂ ਨਾਲ ਧਰਨਾ ਦੇਣਗੇ। ਕੈਪਟਨ ਨੇ ਕਿਹਾ ਸੂਬੇ ਵਿੱਚ ਮਾਲ ਗੱਡੀਆਂ ਦੀ ਰੋਕ ਕਾਰਨ ਸੰਕਟ ਪੈਦਾ ਹੋ ਗਿਆ ਹੈ। ਨਤੀਜੇ ਵਜੋਂ ਸਾਰੇ ਬਿਜਲੀ ਪਲਾਂਟ ਬੰਦ ਹੋ ਗਏ ਤੇ ਨਾਲ ਹੀ ਖੇਤੀਬਾੜੀ ਤੇ ਸਬਜ਼ੀਆਂ ਦੀ ਸਪਲਾਈ 'ਤੇ ਵੀ ਰੋਕ ਲੱਗ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਘਾਟ ਵਿਖੇ ਸੂਬੇ ਦੀ ਗੰਭੀਰ ਸਥਿਤੀ ਨੂੰ ਕੇਂਦਰ ਦੇ ਧਿਆਨ ਵਿੱਚ ਲਿਆਉਣ ਲਈ ਸੰਕੇਤਕ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ। ਦਿੱਲੀ 'ਚ  ਧਾਰਾ 144 ਹੋਣ ਕਰਕੇ ਵਿਧਾਇਕ ਪੰਜਾਬ ਭਵਨ ਤੋਂ ਰਾਸ਼ਟਰ ਪਿਤਾ ਦੀ ਸਮਾਧੀ ਲਈ ਸਿਰਫ ਚਾਰ ਜੱਥੇ 'ਚ ਜਾਣਗੇ ਤੇ ਉਹ ਸਵੇਰੇ 10.30 ਵਜੇ ਪਹਿਲੇ ਜੱਥੇ ਦੀ ਅਗਵਾਈ ਕਰਨਗੇ।

ਖਾਲਿਸਤਾਨ ਪੱਖੀ ਸੰਗਠਨਾਂ ਖ਼ਿਲਾਫ਼ ਭਾਰਤ ਸਰਕਾਰ ਦਾ ਸਖ਼ਤ ਐਕਸ਼ਨ!

ਕੈਪਟਨ ਨੇ ਦੂਸਰੀਆਂ ਪੰਜਾਬ ਦੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਸੂਬੇ ਦੇ ਹਿੱਤ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਦੁਹਰਾਈ। ਅੱਜ ਪ੍ਰਾਈਵੇਟ ਬਿਜਲੀ ਘਰ ਵੀ ਬੰਦ ਹੋ ਰਹੇ ਹਨ। ਜੀਵੀਕੇ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਦੁਪਹਿਰੇ 3 ਵਜੇ ਕੰਮ ਬੰਦ ਕਰ ਦੇਵੇਗਾ, ਕਿਉਂਕਿ ਅੱਜ ਕੋਲੇ ਦਾ ਸਟਾਕ ਪੂਰਾ ਹੋ ਗਿਆ ਹੈ। ਸੂਬੇ ਦੇ ਸਰਕਾਰੀ ਤੇ ਹੋਰ ਨਿੱਜੀ ਬਿਜਲੀ ਪਲਾਂਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ।

ਯੂਰਪ ਹੋਇਆ ਲਹੁ-ਲੁਹਾਨ, ਕੋਰੋਨਾ ਮਗਰੋਂ ਅੱਤਵਾਦੀਆਂ ਨੇ ਮਚਾਈ ਤਬਾਹੀ, ਹੁਣ ਤੱਕ 12 ਵੱਡੇ ਹਮਲੇ

ਮੁੱਖ ਮੰਤਰੀ ਨੇ ਕਿਹਾ ਕਿ ਜ਼ਮੀਨੀ ਹਾਲਾਤ ਭਿਆਨਕ ਹਨ ਕਿਉਂਕਿ ਰਾਜ ਕੋਲ ਕੋਲਾ, ਯੂਰੀਆ/ਡੀਏਪੀ ਤੇ ਹੋਰ ਲੋੜੀਂਦੀਆਂ ਸਪਲਾਈ ਖਤਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਖਰੀਦ ਲਈ ਇਸ ਦੀ ਬੋਲੀ ਅੱਜ ਸਾਫ਼ ਨਾ ਹੋਣ ਕਰਕੇ ਸੂਬੇ ਨੂੰ ਬਿਜਲੀ ਦੀ ਬਹੁਤ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਾਰੀਆਂ ਖੇਤੀਬਾੜੀ ਤੇ ਸਬਜ਼ੀਆਂ ਦੀ ਸਪਲਾਈ ਵਿੱਚ ਕਟੌਤੀ ਹੋ ਰਹੀ ਹੈ ਅਤੇ ਤਿਉਹਾਰਾਂ ਦੇ ਸੀਜ਼ਨ 'ਚ ਵੀ ਪੰਜਾਬ ਦੇ ਲੋਕ ਬਿਜਲੀ ਸਪਲਾਈ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।