Punjab Politics: ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਇੱਥੇ ਪ੍ਰਤਾਪ ਬਾਜਵਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

Continues below advertisement


ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ 'ਤੇ ਜਨਤਾ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਦੇ ਹੁਣ ਤੱਕ ਕਿਸੇ ਵੀ ਸੰਸਦ ਮੈਂਬਰ ਨੇ ਇੱਥੋਂ ਦੇ ਲੋਕਾਂ ਲਈ ਕੋਈ ਵੀ ਕੰਮ ਨਹੀਂ ਕੀਤਾ। ਹਰ ਕਿਸੇ ਨੇ ਸਿਰਫ਼ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ।


ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਤੁਹਾਡੇ ਕੋਲ ਆਪਣੀ ਪਿਛਲੀ ਗ਼ਲਤੀ ਨੂੰ ਸੁਧਾਰਨ ਦਾ ਮੌਕਾ ਹੈ। ਸ਼ੈਰੀ ਕਲਸੀ ਤੁਹਾਡੇ ਘਰ ਦਾ ਮੁੰਡਾ ਹੈ। ਉਹ ਇਸ ਇਲਾਕੇ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਜਿਤਾਓ, ਐਮਪੀ ਬਣਨ ਤੋਂ ਬਾਅਦ ਤੁਸੀਂ ਉਸ ਦੇ ਘਰ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ। ਜੇਕਰ ਤੁਸੀ ਦੂਸਰੇ ਉਮੀਦਵਾਰਾਂ ਨੂੰ ਜਿਤਾਉਗੇ ਤਾਂ ਉਹ ਤੁਹਾਨੂੰ ਜਿੱਤਣ ਤੋਂ ਬਾਅਦ ਇੱਥੇ ਨਜ਼ਰ ਵੀ ਨਹੀਂ ਆਉਣਗੇ।






ਭਗਵੰਤ ਮਾਨ ਨੇ ਕਾਂਗਰਸੀ ਆਗੂ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ ਅਤੇ ਉਹ ਇਸ ਦਾ ਦੋਸ਼ ਸਾਡੇ 'ਤੇ ਲਗਾਉਂਦੇ ਹਨ। ਉਹ (ਬਾਜਵਾ) ਸਾਡੇ ਵਿਧਾਇਕਾਂ ਨੂੰ ਮੋਬਾਈਲ ਮੁਰੰਮਤ ਕਰਨ ਵਾਲੇ ਅਤੇ ਮੈਟੀਰੀਅਲ ਬੋਲਦੇ ਹਨ। ਮਾਨ ਨੇ ਕਿਹਾ ਕਿ ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਜਦਕਿ ਉਨ੍ਹਾਂ ਦਾ ਅਸਲੀ ਭਰਾ ਵੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਜਵਾ ਦਾ ਘਰ ਪੰਜਾਬ ਦਾ ਇਕਲੌਤਾ ਘਰ ਹੈ ਜਿਸ 'ਤੇ ਭਾਜਪਾ ਅਤੇ ਕਾਂਗਰਸ ਦੋਵਾਂ ਦੇ ਝੰਡੇ ਹਨ। ਦੋਵਾਂ ਦੇ ਵਿਚਕਾਰ ਸਿਰਫ ਕੁਝ ਪੌੜੀਆਂ ਦੀ ਹੀ ਦੂਰੀ ਹੈ।


ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ (ਸੁਖਬੀਰ ਬਾਦਲ) ਏ.ਸੀ. ਵਿਚ ਰਹਿਣ ਵਾਲੇ ਇਨਸਾਨ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਉਣ ਲਈ ਕੱਢਦੇ ਹਨ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ?


ਉਨ੍ਹਾਂ ਕਿਹਾ ਕਿ ਅਸਲ ਵਿੱਚ ਪ੍ਰਤਾਪ ਬਾਜਵਾ ਅਤੇ ਸੁਖਬੀਰ ਬਾਦਲ ਦਾ ਵਤੀਰਾ ਰਾਜੇ-ਰਜਵਾੜੇ ਵਰਗਾ ਹੈ। ਇਹ ਦੋਵੇਂ ਆਮ ਲੋਕਾਂ ਨੂੰ ਕੁਝ ਵੀ ਨਹੀਂ ਸਮਝਦੇ । ਬਾਜਵਾ ਆਮ ਲੋਕਾਂ ਨੂੰ ਮੈਟੀਰੀਅਲ ਅਤੇ ਸੁਖਬੀਰ ਬਾਦਲ ਮਲੰਗ ਕਹਿੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਇਹ ਲੋਕਤੰਤਰ ਹੈ। ਜਨਤਾ ਵੱਡੇ ਤੋਂ ਵੱਡੇ ਰਾਜਿਆਂ ਨੂੰ ਵੀ ਉਨ੍ਹਾਂ ਦੇ ਤਖ਼ਤਾਂ ਤੋਂ ਹੇਠਾਂ ਲੈ ਆਉਂਦੀ ਹੈ।