ਨਵੀਂ ਦਿੱਲੀ: ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਮੁੰਡਿਆਂ ਨੂੰ ਅਫਸਰ ਬਾਉਣ ਦੇ ਮਾਮਲੇ 'ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਚੁੱਪੀ ਤੋੜੀ ਹੈ। ਬਾਜਵਾ ਨੇ ਆਪਣੇ ਭਰਾ ਵਿਧਾਇਕ ਫਤਿਹਜੰਗ ਬਾਜਵਾ ਤੇ ਵਿਧਾਇਕ ਰਾਕੇਸ਼ ਪਾਂਡੇ ਨੂੰ ਕਿਹਾ ਹੈ ਕਿ ਉਹ ਆਪਣੇ ਬੇਟਿਆਂ ਦੀਆਂ ਨੌਕਰੀਆਂ ਸਵੈ-ਇੱਛਾ ਨਾਲ ਛੱਡ ਦੇਣ।


ਉਨ੍ਹਾਂ ਪਿਛੋਕੜ ਵਿੱਚ ਜਾਂਦਿਆਂ ਕਿਹਾ ਹੈ ਕਿ ਸਾਬਕਾ ਮੰਤਰੀ ਸਤਨਾਮ ਸਿੰਘ ਬਾਜਵਾ ਤੇ ਜੋਗਿੰਦਰ ਪਾਲ ਪਾਂਡੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬ ਦੇ ਲੋਕਾਂ ਦੀ ਵਿਲੱਖਣ ਸੇਵਾ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਸਮੇਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।


ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਨ੍ਹਾਂ ਦੋ ਮਹਾਨ ਨੇਤਾਵਾਂ ਨੇ ਪੰਜਾਬੀਅਤ ਦੀ ਸੱਚੀ ਭਾਵਨਾ ਨਾਲ ਨਿਰਸਵਾਰਥ ਸੇਵਾ ਕੀਤੀ ਤੇ ਰਾਜ ਦੇ ਲੋਕਾਂ ਦੀ ਬਿਹਤਰੀ ਤੇ ਖੁਸ਼ਹਾਲੀ ਲਈ ਹਮੇਸ਼ਾ ਯਤਨਸ਼ੀਲ ਰਹੇ। ਉਨ੍ਹਾਂ ਨੇ ਕਾਂਗਰਸ ਤੇ ਇਸ ਦੀ ਵਿਚਾਰਧਾਰਾ ਦੇ ਝੰਡੇ ਨੂੰ ਬੁਲੰਦ ਰੱਖਿਆ।


ਉਨ੍ਹਾਂ ਦੀ ਵਿਲੱਖਣ ਵਿਰਾਸਤ ਨੂੰ ਵੇਖਦਿਆਂ, ਮੈਂ ਆਪਣੇ ਛੋਟੇ ਭਰਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੇ ਆਪਣੇ ਵਿਧਾਇਕ ਸਾਥੀ ਰਾਕੇਸ਼ ਪਾਂਡੇ ਨੂੰ ਸਵੈਇੱਛੁਕ ਤੌਰ 'ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਲੜਕਿਆਂ ਨੂੰ ਤਰਸ ਦੇ ਅਧਾਰ' ਤੇ ਨੌਕਰੀਆਂ ਦੀ ਪੇਸ਼ਕਸ਼ ਛੱਡ ਦੇਣ ਲਈ ਬੇਨਤੀ ਕਰਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿਛੜੇ ਨੇਤਾਵਾਂ ਦੀਆਂ ਯਾਦਾਂ ਦਾ ਸਨਮਾਨ ਕਰਨ ਦਾ ਇਹ ਉੱਤਮ ਢੰਗ ਹੋਵੇਗਾ।