ਮੋਗਾ: ਭਾਵੇਂ ਸਰਕਾਰ ਨੇ ਲਿੰਗ ਜਾਂਚ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕੁਝ ਲੋਕ ਪੈਸਿਆਂ ਦੇ ਲਾਲਚ ਵਿੱਚ ਇਹ ਕੰਮ ਗ਼ੈਰਕਾਨੂੰਨੀ ਤਰੀਕੇ ਨਾਲ ਕਰ ਰਹੇ ਹਨ। ਇਸੇ ਤਹਿਤ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਚੱਲ ਰਹੇ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼ ਸਿਹਤ ਵਿਭਾਗ ਦੀ ਟੀਮ ਤੇ ਪੰਜਾਬ ਪੁਲਿਸ ਨੇ ਕੀਤਾ ਹੈ। ਪੁਲਿਸ ਦੀ ਮਦਦ ਨਾਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ, ਇਨ੍ਹਾਂ ਵਿੱਚੋਂ ਦੋ ਮਹਿਲਾਵਾਂ ਵੀ ਸ਼ਾਮਲ ਸਨ।
ਅਸਲ ਵਿੱਚ ਇਹ ਕਾਰਵਾਈ ਸਿਰਸਾ ਜ਼ਿਲ੍ਹੇ ਦੇ ਸਿਹਤ ਮਹਿਕਮੇ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਹੈ। ਛਾਪਾਮਾਰ ਟੀਮ ਨੇ ਲਿੰਗ ਜਾਂਚ ਕਰਨ ਵਾਲੇ ਅਣਅਧਿਕਾਰਤ ਵਿਅਕਤੀ ਕੋਲੋਂ ਤੀਹ ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਸਿਹਤ ਤੋਂ ਆਈ ਹਰਿਆਣਾ ਦੀ ਸਿਹਤ ਮਹਿਕਮੇ ਦੀ ਟੀਮ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਕਾਫ਼ੀ ਸਮੇਂ ਤੋਂ ਲਿੰਗ ਜਾਂਚ ਕਰਨ ਦਾ ਧੰਦਾ ਚੱਲ ਰਿਹਾ ਸੀ।
ਇਸ ਤੋਂ ਬਾਅਦ ਹਰਿਆਣਾ ਦੀ ਸਿਹਤ ਮਹਿਕਮੇ ਦੀ ਟੀਮ ਨੇ ਮੋਗਾ ਪੁਲਿਸ ਨੂੰ ਨਾਲ ਲੈ ਕੇ ਹਸਪਤਾਲ ਵਿੱਚ ਛਾਪਾ ਮਾਰਿਆ। ਛਾਪੇ ਦੌਰਾਨ ਇੱਕ ਗਰਭਵਤੀ ਮਹਿਲਾ, ਇੱਕ ਦਲਾਲ, ਹਸਪਤਾਲ ਦੇ ਦੋ ਕਰਮੀ ਤੇ ਇੱਕ ਹੋਰ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪੁਲਿਸ ਨੇ ਹਸਪਤਾਲ ਦੀਆਂ ਦੋ ਮਸ਼ੀਨਾਂ ਨੂੰ ਵੀ ਜ਼ਬਤ ਕਰ ਲਿਆ ਹੈ।