ਬਠਿੰਡਾ: ਫੁੱਲਾਂ ਦੀਏ ਕੱਚੀਏ ਵਪਾਰਨੇ, ਚਾਦਰ ਕੱਢਦੀ, ਨੱਚਣਾ ਸਖ਼ਤ ਮਨ੍ਹਾ ਹੈ, ਨੀ ਵਣਜਾਰਨ ਕੁੜੀਏ ਜਿਹੇ ਅਨੇਕਾਂ ਹੀ ਮਸ਼ਹੂਰ ਗੀਤਾਂ ਦੇ ਰਚੇਤਾ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਦਾ 18 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਬੀਤੀ ਕਲ੍ਹ ਉਨ੍ਹਾਂ ਦੇ ਭੋਗ ਮੌਕੇ ਉੱਘੀਆਂ ਸਖਸ਼ੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇ ਫੁੱਲ ਅਰਪਨ ਕੀਤੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸਭਿਆਚਾਰ ਸਲਾਹਕਾਰ ਸੁਖਮਿੰਦਰ ਕੌਰ ਬਰਾੜ ਤੋਂ ਇਲਾਵਾ ਗੀਤਕਾਰ ਮਨਪ੍ਰੀਤ ਟਿਵਾਣਾ, ਪੰਜਾਬੀ ਗਾਇਕ ਸਰਦੂਲ ਸਿਕੰਦਰ, ਗੁਰਵਿੰਦਰ ਬਰਾੜ ਤੇ ਵੀਰ ਦਵਿੰਦਰ ਨੇ ਤਿਵਾੜੀ ਨੂੰ ਸ਼ਰਧਾਂਜਲੀ ਦਿੱਤੀ।

ਪ੍ਰੀਤ ਮਹਿੰਦਰ ਤਿਵਾੜੀ ਨੇ ਕੁਲਦੀਪ ਮਾਣਕ, ਸਰਬਜੀਤ ਕੌਰ, ਸਰਦੂਲ ਸਿਕੰਦਰ, ਗੁਰਦਾਸ ਮਾਨ ਤੇ ਹੰਸ ਰਾਜ ਹੰਸ ਸਮੇਤ ਅਨੇਕਾਂ ਗਾਇਕਾਂ ਨੇ ਤਿਵਾੜੀ ਦੇ ਲਿਖੇ ਗੀਤ ਗਾਏ। ਨੈਣ ਪ੍ਰੀਤੋ ਦੇ, ਜੱਟ ਜਿਉਣਾ ਮੌੜ, ਦੁਸ਼ਮਣੀ ਜੱਟਾਂ ਦੀ, ਕੀ ਬਣੂ ਦੁਨੀਆ ਦਾ ਆਦਿ ਕਾਫੀ ਪੰਜਾਬੀ ਫਿਲਮਾਂ ਲਈ ਵੀ ਉਨ੍ਹਾਂ ਨੇ ਗੀਤ ਲਿਖੇ ਤੇ ਪੰਜਾਬੀ ਨਾਟਕ ਠੂੰਹੇ, ਰੂਹ ਅੰਬਰਾਂ ਤੱਕ ਰੋਈ ਤੇ ਬਲੀ ਵੀ ਕਲਮਬੱਧ ਕੀਤੇ।

ਪ੍ਰੀਤ ਤਿਵਾੜੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਜਿਨ੍ਹਾਂ ਗਾਇਕਾਂ ਨੇ ਤਿਵਾੜੀ ਦੇ ਗੀਤ ਗਾ ਕੇ ਸ਼ੋਹਰਤ ਹਾਸਲ ਕੀਤੀ ਤੇ ਲੱਖਾਂ ਰੁਪਏ ਕਮਾਏ। ਹੁਣ ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਹਾਲ ਜਾਣਨਾ ਵੀ ਮੁਨਾਸਫ ਨਾ ਸਮਝਿਆ। ਸਰਦੂਲ ਸਿਕੰਦਰ ਨੇ ਸ਼ਰਧਾ ਅਰਪਨ ਕਰਦਿਆਂ ਕਿਹਾ ਕਿ ਪ੍ਰੀਤ ਮਹਿੰਦਰ ਜਿੰਨੇ ਵਧੀਆ ਗੀਤਕਾਰ ਸੀ, ਓਨੇ ਹੀ ਵਧੀਆ ਇਨਸਾਨ ਵੀ ਸਨ। ਸਰਦੂਲ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੀਤ ਮਹਿੰਦਰ ਤਿਵਾੜੀ ਨਾਲ ਕਰੀਬ 35 ਸਾਲਾਂ ਦੀ ਸਾਂਝ ਰਹੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਪੰਜਾਬ ਦੀ ਸੱਭਿਆਚਾਰ ਸਲਾਹਕਾਰ ਸੁਖਮਿੰਦਰ ਕੌਰ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਗੇ ਗਰੀਬ ਕਲਾਕਾਰਾਂ ਲਈ ਵਿਸ਼ੇਸ਼ ਬਿਰਧ ਆਸ਼ਰਮ ਬਣਾਉਣ ਦੀ ਤਜਵੀਜ ਰੱਖੀ ਗਈ ਹੈ। ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਪੁਰਾਣੇ ਕਲਾਕਾਰ ਨਵੇਂ ਉਭਰਦੇ ਕਲਾਕਾਰਾਂ ਨੂੰ ਸਿਖਲਾਈ ਵੀ ਦਿਆ ਕਰਨਗੇ।