ਹਰਪਾਲ ਚੀਮਾ ਨਹੀਂ ਕਿਹਾ ਕਿ ਇਹ ਦੇਸ਼ ਦੇ ਕਿਸੇ ਇੱਕ ਸਰਕਾਰੀ ਅਦਾਰੇ ਜਾਂ ਇੱਕ ਸੂਬੇ ਦੀ ਗੱਲ ਨਹੀਂ ਹੈ। ਪਿਛਲੇ ਕੁੱਝ ਸਾਲਾਂ ਤੋਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਰ ਸਰਕਾਰੀ ਅਦਾਰਾ ਆਪਣੇ ਚਹੇਤਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਹੈ ਉਹ ਚਿੰਤਾਜਨਕ ਹੈ ਅਤੇ ਲੋਕਾਂ ਨੂੰ ਇਕਸੁਰ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਹਰਪਾਲ ਚੀਮਾ ਨੇ ਏਅਰ ਲਾਇਨ, ਐੱਲ.ਆਈ.ਸੀ., ਰੇਲਵੇ, ਬੈਂਕ, ਟੈਲੀਕੈਮੁਨੀਕੈਸ਼ਨ ਆਦਿ ਦੇ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਐੱਨ.ਡੀ.ਏ ਸਰਕਾਰ ਦੀ ਇਸ ਨੀਤੀ ਨੂੰ ਠੱਲ ਨਾ ਪਾਈ ਗਈ ਤਾਂ ਇਹ ਦੇਸ਼ ਲਈ ਘਾਤਕ ਬਣ ਸਕਦੀ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਖਿਆ ਕਿ ਨਿੱਜੀ ਖ਼ੇਤਰ ਕਿਸ ਤਰ੍ਹਾਂ ਬਿਨਾਂ ਲੋਕਾਂ ਦੀ ਪਰਵਾਹ ਕੀਤੇ ਆਪਣੇ ਫ਼ਾਇਦੇ ਲਈ ਕੰਮ ਕਰਦਾ ਹੈ। ਇਸ ਲਈ ਕੁੱਝ ਅਦਾਰੇ ਸਰਕਾਰੀ ਰੱਖੇ ਗਏ ਹਨ, ਜਿੱਥੇ ਲੋਕ ਟੈਕਸ ਭਰਦੇ ਹਨ ਅਤੇ ਬਦਲੇ ਵਿੱਚ ਸਰਕਾਰ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਂਦੀ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਆਮ ਲੋਕਾਂ 'ਤੇ ਟੈਕਸ ਦਾ ਬੋਝ ਲਗਾਤਾਰ ਵਧਾਇਆ ਹੈ ਅਤੇ ਜਦੋਂ ਉਸ ਟੈਕਸ ਦੀ ਵਰਤੋਂ ਲੋਕਾਂ ਲਈ ਕਰਨ ਦੀ ਵਾਰੀ ਆਉਂਦੀ ਹੈ ਤਾਂ ਅਦਾਰੇ ਪ੍ਰਾਈਵੇਟ ਕਰਕੇ ਲੋਕ ਵਿਰੋਧੀ ਪਾਰਟੀਆਂ ਆਪਣਾ ਪੱਲਾ ਛੁਡਾ ਲੈਂਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵੀ ਭਾਜਪਾ ਵਾਂਗ ਹਮੇਸ਼ਾ ਨਿੱਜੀਕਰਨ ਦੇ ਹੱਕ ਵਿੱਚ ਅਤੇ ਆਮ ਲੋਕਾਂ ਦੇ ਵਿਰੋਧ ਵਿੱਚ ਭੁਗਤੀਆਂ ਹਨ।
ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਦਾ ਬਿਜਲੀ ਵਿਭਾਗ ਵੱਡੇ ਮੁਨਾਫ਼ੇ ਵਿੱਚ ਹੋਣ ਦੇ ਬਾਵਜੂਦ ਆਪਣੀ ਅਸਲ ਕੀਮਤ ਨਾਲੋਂ ਕਿਤੇ ਘੱਟ ਰੇਟ 'ਤੇ ਵੇਚਿਆ ਜਾ ਰਿਹਾ ਹੈ, ਇਸੇ ਤਰ੍ਹਾਂ ਕੱਲ੍ਹ ਪੰਜਾਬ ਦੇ ਅਤੇ ਬਾਕੀ ਸੂਬਿਆਂ ਦੇ ਸਰਕਾਰੀ ਅਦਾਰਿਆਂ ਨੂੰ ਹੱਥ ਪਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗਠਬੰਧਨ ਵਾਲੀ ਸਰਕਾਰ ਨੇ ਮਹਿੰਗੇ ਪੀ.ਪੀ.ਏ (ਪਾਵਰ ਪਰਚੇਜ਼ ਐਗਰੀਮੈਂਟ) ਕੀਤੇ ਜਿਸ ਦਾ ਖਾਮਿਆਜ਼ਾ ਹਲੇ ਤੱਕ ਪੰਜਾਬ ਦੇ ਲੋਕ ਭੁਗਤ ਰਹੇ ਹਨ ਅਤੇ ਉਪਰੋਂ ਚਰਨਜੀਤ ਚੰਨੀ ਦੀ ਕਾਂਗਰਸ ਸਰਕਾਰ ਨੇ ਵੀ ਉਹਨਾਂ ਨੂੰ ਰੱਦ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਧੋਖਾ ਦਿੱਤਾ। ਉਹਨਾਂ ਕਿਹਾ ਕਿ ਇਹ ਲੋਕ ਵਿਰੋਧੀ ਪਾਰਟੀਆਂ ਸਿਰਫ਼ ਆਪਣਾ ਅਤੇ ਆਪਣੇ ਚੰਦ ਕਰੀਬੀਆਂ ਦਾ ਫਾਇਦਾ ਦੇਖਦੀਆਂ ਹਨ ਅਤੇ ਆਮ ਲੋਕਾਂ ਦੀ ਮੁਸ਼ਕਿਲਾਂ ਪ੍ਰਤੀ ਇਹ ਗੂੜ੍ਹੀ ਨੀਂਦ ਸੌਂ ਰਹੀਆਂ ਹਨ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਟੈਕਸ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਦੀ ਮੁੜ ਪਹਿਲ ਕੀਤੀ ਹੈ