ਤਰਨ ਤਾਰਨ ਦੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦਾ ਖਡੂਰ ਸਾਹਿਬ ਦੇ ਵਿਧਾਇਕ ਨਾਲ ਪਿਆ ਪੰਗਾ ਠੰਢਾ ਨਹੀਂ ਹੋ ਰਿਹਾ ਹੈ। ਗੁਰਮੀਤ ਸਿੰਘ ਚੌਹਾਨ 'ਤੇ ਪਹਿਲੀ ਕਾਰਵਾਈ ਉਹਨਾਂ ਦਾ ਤਬਾਦਲਾ ਕਰਕੇ ਹੋਈ ਅਤੇ ਹੁਣ ਦੂਜੀ ਕਾਰਵਾਈ ਦੀ ਵੀ ਤਿਆਰੀ ਹੋ ਗਈ ਹੈ।
ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਤਰਨ ਤਾਰਨ ਦੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ, ਡੀਐੱਸਪੀ ਜਸਪਾਲ ਸਿੰਘ ਢਿੱਲੋਂ ਅਤੇ ਐੱਸਐੱਚਓ ਨੂੰ ਸਥਾਨਕ ਵਿਧਾਇਕ ਨਾਲ ਦੁਰਵਿਹਾਰ ਕਰਨ ਅਤੇ ਮਰਿਆਦਾ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਤਲਬ ਕੀਤਾ ਹੈ।
ਜਾਣਕਾਰੀ ਅਨੁਸਾਰ ਡੀਐੱਸਪੀ ਜਸਪਾਲ ਸਿੰਘ ਢਿੱਲੋਂ ਤੇ ਝਬਾਲ ਦੇ ਤਤਕਾਲੀ ਥਾਣੇਦਾਰ ਬੀਤੇ ਦਿਨ ਮੰਗਲਵਾਰ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਏ। ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਕਮੇਟੀ ਕੋਲ ਆਪਣੀ ਗਲਤੀ ਵੀ ਮੰਨੀ ਪਰ ਤਤਕਾਲੀ ਐੱਸਐੱਸਪੀ ਗੁਰਮੀਤ ਚੌਹਾਨ ਨੇ 6 ਅਕਤੂਬਰ ਨੂੰ ਡਿਊਟੀ ਜੁਆਇਨ ਕਰਨ ਤੋਂ ਬਾਅਦ ਪੇਸ਼ ਹੋਣ ਦਾ ਹਵਾਲਾ ਦਿੰਦੇ ਹੋਏ ਪੇਸ਼ੀ ਤੋਂ ਛੋਟ ਮੰਗ ਲਈ ਸੀ।
ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਪੇਸ਼ ਹੋਏ DSP ਅਤੇ SHO ਨੂੰ 10 ਅਕਤੂਬਰ ਨੂੰ ਦੁਬਾਰਾ ਕਮੇਟੀ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਪੰਡੋਰੀ ਨੇ ਕਿਹਾ ਕਿ ਤਿੰਨੋਂ ਪੁਲਿਸ ਅਧਿਕਾਰੀਆਂ ਨੂੰ ਇਕੱਠਿਆ ਸੁਣਿਆ ਜਾਵੇਗਾ।
ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸ਼ਿਕਾਇਤ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਨਹੀਂ ਕੀਤੀ ਸੀ। ਇਹਨਾਂ ਦੀ ਸ਼ਿਕਾਇਤ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਲਗਾਈ ਸੀ। ਡਾ. ਕਸ਼ਮੀਰ ਸਿੰਘ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਮਰਿਆਦਾ ਦੀ ਉਲੰਘਣਾ ਕਰਨ ਅਤੇ ਦੁਰਵਿਹਾਰ ਕਰਨ ਬਾਰੇ ਸ਼ਿਕਾਇਤ ਕੀਤੀ ਸੀ।
ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਸ਼ਿਕਾਇਤ ਵਿਚ ਕਿਹਾ ਕਿ ਉਹ ਹਲਕੇ ਦੀਆਂ ਸਮੱਸਿਆਵਾਂ, ਨਸ਼ਿਆਂ ਤੇ ਹੋਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਹਲਕੇ ਦੇ ਪੁਲਿਸ ਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ 31 ਜੁਲਾਈ ਨੂੰ ਹਲਕੇ ਵਿਚ ਪੈਂਦੇ ਤਿੰਨ DSP, ਤਿੰਨ SHO ਅਤੇ ਪੁਲਿਸ ਚੌਕੀਆਂ ਦੇ ਇੰਚਾਰਜਾਂ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਵਾਲੇ ਦਿਨ ਉਨ੍ਹਾਂ ਦੇ ਹਲਕੇ ਦਾ ਇਕ ਵਲੰਟੀਅਰ ਵੀ ਆ ਗਿਆ ਜਿਸ ਨੇ ਪੁਲਿਸ ਵੱਲੋਂ ਪੱਖਪਾਤ ਕਰਨ ਅਤੇ ਨਿਆਂ ਨਾ ਦੇਣ ਦੀ ਗੱਲ ਕੀਤੀ।
ਦਰਅਸਲ ਇਹ ਪੂਰਾ ਮਾਮਲਾ ਇੰਝ ਹੈ ਕਿ ਤਰਨ ਤਾਰਨ ਦੇ ਸਾਬਕਾ SSP ਗੁਰਮੀਤ ਸਿੰਘ ਚੌਹਾਨ ਨੇ ਖਡੂਰ ਸਾਹਿਬ ਦੇ AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰ ਖਿਲਾਫ਼ ਗ਼ੈਰ ਕਾਨੂੰਨੀ ਮਾਈਨਿੰਗ ਦਾ ਮਮਾਲਾ ਦਰਜ ਕੀਤਾ ਸੀ। ਜਿਸ ਦੇ ਰੋਸ ਵੱਜੋਂ ਵਿਧਾਇਕ ਨੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਖਿਲਾਫ਼ ਮੋਰਚਾ ਖੋਲ੍ਹਿਆ ਸੀ। ਅਤੇ ਚੌਹਾਨ ਦਾ ਤਬਾਦਲਾ ਕਰ ਦਿੱਤਾ ਗਿਆ।
ਇਸ ਮਾਮਲੇ ਵਿੱਚ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਵੀ ਦਾਅਵਾ ਕੀਤਾ ਸੀ ਕਿ ਇਮਾਨਦਾਰ ਅਫ਼ਸਰ ਨੂੰ ਮਾਨ ਸਰਕਾਰ ਨੇ ਚੰਗਾ ਇਨਾਮ ਦਿੱਤਾ ਹੈ। ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਗੁਰਮੀਤ ਸਿੰਘ ਚੌਹਾਨ ਨੂੰ ਨਜਾਇਜ਼ ਮਾਈਨਿੰਗ ਖਿਲਾਫ਼ ਬੋਲਣਾ ਮਹਿੰਗਾ ਪੈ ਗਿਆ ਹੈ। ਮਜੀਠੀਆ ਨੇ ਕਿਹਾ ਕਿ ਤਰਨ ਤਾਰਨ ਖੇਤਰ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸ਼ੈਅ ਸਦਕਾ ਨਜਾਇਜ਼ ਖਣਨ ਹੋ ਰਹੀ ਹੈ।