Saade Buzurg Saada Maan: ਬਜ਼ੁਰਗ ਮਾਂ-ਬਾਪ ਹਰ ਘਰ ਵਿੱਚ ਬੋਹੜ ਦੀ ਤਰ੍ਹਾਂ ਹੁੰਦੇ ਨੇ, ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਇੱਕ ਸਮਾਂ ਸੀ ਜਦੋਂ ਬਜ਼ੁਰਗ ਨੂੰ ਘਰ ਦੇ ਵੇਹੜੇ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ, ਪਰ ਹੁਣ ਇਸ ਮਤਲਬੀ ਯੁੱਗ ਦੇ ਵਿੱਚ ਬਜ਼ੁਰਗਾਂ ਨੂੰ ਬਸ ਇੱਕ ਬੋਝ ਸਮਝਿਆ ਜਾਂਦਾ ਹੈ। ਇਹ ਸਾਡੇ ਸਮਾਜ ਦਾ ਇੱਕ ਕੌੜਾ ਸੱਚ ਹੈ। ਪਰ ਪੰਜਾਬ ਸਰਕਾਰ ਆਪਣੇ ਸੱਭਿਆਚਾਰ ਨੂੰ ਸੰਭਾਲਦੇ ਹੋਏ 'ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ' ਦਾ ਆਗਾਜ਼ ਕੀਤਾ ਹੈ। ਜਿਸ ਤਹਿਤ ਬਜ਼ੁਰਗਾਂ ਦੀ ਸਿਹਤ ਜਾਂਚ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੈਂਪ ਲਗਾਏ ਜਾਣਗੇ।  



'ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ' ਦਾ ਆਗਾਜ਼


ਥੋੜ੍ਹਾ ਜਿਹਾ ਮੋਹ ਵੀ ਬਜ਼ੁਰਗਾਂ ਨੂੰ ਖੁਸ਼ ਰੱਖਣ ਲਈ ਕਾਫੀ ਹੁੰਦਾ ਹੈ ਅਤੇ ਸਾਰੀ ਉਮਰ ਹੰਢਾ ਕੇ ਜ਼ਿੰਦਗੀ ਦੇ ਆਖਰੀ ਪੜ੍ਹਾਅ ਵਿੱਚ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਦਿੱਤਾ ਗਿਆ ਸਮਾਂ ਹੀ ਬਜ਼ੁਰਗਾਂ ਲਈ ਵਡਮੁੱਲਾ ਧਨ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਦਾ ਜਿਲ੍ਹਾ ਫਰੀਦਕੋਟ ਤੋਂ ਆਗਾਜ਼ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਜੈਤੋ ਸ੍ਰੀ ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ, ਫਰੀਦਕੋਟ ਐਮ.ਐਲ.ਏ. ਗੁਰਦਿੱਤ ਸੇਖੋਂ ਦੀ ਧਰਮ ਪਤਨੀ ਸਰਦਾਰਨੀ ਬੇਅੰਤ ਕੌਰ ਅਤੇ ਐਮ.ਐਲ.ਏ ਦੇ ਮਾਤਾ ਪਿਤਾ ਅੰਗਰੇਜ਼ ਸਿੰਘ ਅਤੇ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


ਇੰਟਰਨੈੱਟ ਤੋਂ ਦੂਰ ਹੋ ਕੇ ਆਪਣੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਸਮਾਂ ਗੁਜਾਰਨਾ ਚਾਹੀਦਾ


ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਕੁਝ ਸਮੇ ਲਈ ਮੋਬਾਇਲ ਅਤੇ ਇੰਟਰਨੈੱਟ ਤੋਂ ਦੂਰ ਹੋ ਕੇ ਆਪਣੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਸਮਾਂ ਗੁਜਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀ ਉਮਰ ਹੰਢਾ ਕੇ ਬਜ਼ੁਰਗ ਸਾਡੇ ਤੋਂ ਕੁਝ ਸਮਾਂ ਹਾਸਲ ਕਰਨ ਦੀ ਤਵੱਕੋ ਰੱਖਦੇ ਹਨ। ਪੰਜਾਬ ਸਰਕਾਰ ਵੱਲੋਂ ਇਸ ਨਿਵੇਕਲੀ ਪਹਿਲ ਕਦਮੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 60 ਸਾਲ ਦੀ ਉਮਰ ਭੋਗ ਚੁੱਕੇ ਸੂਬੇ ਦੇ ਹਰ ਬਾਸ਼ਿੰਦੇ ਨੂੰ ਮੁੱਢਲੀ ਸਹੂਲਤ ਦੇਣ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ।


ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਕੇਵਲ ਜ਼ਿਲ੍ਹਾ ਫਰੀਦਕੋਟ ਤੱਕ ਹੀ ਸੀਮਤ ਨਹੀਂ ਰਹਿਣਗੇ, ਬਲਕਿ ਬਾਕੀ ਦੇ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ, ਤਾਂ ਜੋ ਪੰਜਾਬ ਦੇ ਵਿੱਚ ਰਹਿ ਰਹੇ ਹਰੇਕ ਬਜ਼ੁਰਗ ਨੂੰ ਇਹ ਸਹੂਲਤਾਵਾਂ ਦਿੱਤੀਆਂ ਜਾ ਸਕਣ।


ਨਵੇਕਲੀ ਮੁਹਿੰਮ


ਪੰਜਾਬ ਸਰਕਾਰ ਦੀ ਇਸ ਨਵੇਕਲੀ ਮੁਹਿੰਮ ਤਹਿਤ ਅੱਜ ਜਿੱਥੇ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਅੱਖਾਂ ਦੀ ਸਰਜਰੀ ਮੁਫਤ ਕੀਤੀ ਗਈ, ਉੱਥੇ ਨਾਲ ਹੀ ਸੀਨੀਅਰ ਸਿਟੀਜਨ ਕਾਰਡ ਵੀ ਬਣਾਏ ਗਏ। ਇਸ ਕੈਂਪ ਦੌਰਾਨ ਲੋੜ ਅਨੁਸਾਰ ਦੂਰੋਂ-ਨੇੜਿਓ ਚੱਲ ਕੇ ਆਏ ਬਜ਼ੁਰਗਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਤੋਂ ਇਲਾਵਾ ਹੋਰ ਵੀ 60 ਸਾਲ ਤੋਂ ਉੱਪਰ ਉਮਰ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।