ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਵਾਰ-ਵਾਰ ਇਤਰਾਜ਼ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਦੌਰਾਨ ਖਾਲਿਸਤਾਨ ਦੇ ਨਾਅਰੇ ਗੂੰਜੇ। ਸ਼ਰਧਾਲੂਆਂ ਵਿੱਚੋਂ ਹੀ ਕੁਝ ਲੋਕ ਜੋਸ਼ ਵਿੱਚ ਆ ਕੇ ਖਾਲਿਸਤਾਨ-ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗੇ। ਇੱਕ ਵਾਰ ਤਾਂ ਇਸ ਨਾਅਰੇਬਾਜ਼ੀ ਕਰਕੇ ਸਾਰੇ ਮੀਡੀਏ ਦਾ ਧਿਆਨ ਉਸ ਪਾਸੇ ਹੋ ਗਿਆ। ਇਸ ਮੌਕੇ ਇਮਰਾਨ ਖ਼ਾਨ, ਜਨਰਲ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ।

ਯਾਦ ਰਹੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਜਾਰੀ ਥੀਮ ਸੌਂਗ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸਣੇ ਹੋਰ ਗਰਮ ਖਿਆਲੀ ਸਿੱਖਾਂ ਦੀਆਂ ਤਸਵੀਰਾਂ ਮਗਰੋਂ ਭਾਰਤ ਸਰਕਾਰ ਨੇ ਇਸ 'ਤੇ ਇਤਰਾਜ਼ ਜਤਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਨੂੰ ਪਾਕਿਸਤਾਨ ਦੀ ਸਾਜਿਸ਼ ਕਰਾਰ ਦਿੱਤਾ ਸੀ। ਕੱਲ੍ਹ ਮੁੜ ਸਿੱਖ ਸ਼ਰਧਾਲੂਆਂ ਵੱਲੋਂ ਖਾਲਿਸਤਾਨ ਦੇ ਨਾਅਰੇ ਲਾਏ।

ਸਭ ਤੋਂ ਅਹਿਮ ਗੱਲ਼ ਨਵਜੋਤ ਸਿੱਧੂ ਦੇ ਹੱਕ ਵਿੱਚ ਨਾਅਰੇਬਾਜ਼ੀ ਹੈ। ਦਰਅਸਲ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲਾ ਕੇ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੋਈ ਹੈ। ਸਿੱਖਾਂ ਦਾ ਇੱਕ ਹਿੱਸਾ ਇਸ ਦਾ ਕ੍ਰੈਡਿਟ ਨਵਜੋਤ ਸਿੱਧੂ ਨੂੰ ਦੇ ਰਿਹਾ ਹੈ ਕਿਉਂਕਿ ਸਭ ਤੋਂ ਪਹਿਲਾਂ ਸਿੱਧੂ ਨੇ ਹੀ ਲਾਂਘਾ ਖੋਲ੍ਹਣ ਦੀ ਗੋਲ ਤੋਰੀ ਸੀ।